ਲੰਡਨ: ਬ੍ਰਿਟੇਨ ਦੇ ਪ੍ਰਿੰਸ ਹੈਰੀ ਨੇ ਬੀਤੇ ਦਿਨ ਯੂਕਰੇਨ ਦੇ ਜ਼ਖ਼ਮੀ ਸਾਬਕਾ ਸੈਨਿਕਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਮਾਜ ਲਈ ਆਦਰਸ਼ ਦੱਸਿਆ ਅਤੇ ਕਿਹਾ ਕਿ ਕੀਵ ਨੂੰ ਇਨ੍ਹਾਂ ਸੈਨਿਕਾਂ ਦੀ ਲਗਾਤਾਰ ਮਦਦ ਕਰਨੀ ਚਾਹੀਦੀ ਹੈ। ਹੈਰੀ ਨੇ ਜੰਗ ਪ੍ਰਭਾਵਿਤ ਯੂਕਰੇਨ ਦੀ ਆਪਣੀ ਅਣਐਲਾਨੀ ਹਫ਼ਤਾਵਾਰੀ ਯਾਤਰਾ ਪੂਰੀ ਕੀਤੀ। ਜੰਗ ਸ਼ੁਰੂ ਹੋਣ ਤੋਂ ਬਾਅਦ ਹੈਰੀ ਦੀ ਇਹ ਯੂਕਰੇਨ ਦੀ ਚੌਥੀ ਯਾਤਰਾ ਸੀ। ਉੱਥੇ ਹੀ ਪੱਛਮੀ ਸ਼ਹਿਰ ਲਵੀਵ ਦਾ ਇਹ ਉਨ੍ਹਾਂ ਦਾ ਦੂਜਾ ਦੌਰਾ ਸੀ।
ਉਨ੍ਹਾਂ ਨੇ ਲਵੀਵ ਦੇ ‘ਸੁਪਰਹਿਊਮਨਜ਼ ਸੈਂਟਰ’ ਵਿੱਚ ਮਰੀਜ਼ਾਂ ਅਤੇ ਸਟਾਫ਼ ਨਾਲ ਮੁਲਾਕਾਤ ਕੀਤੀ। ਇਹ ਹੱਡੀਆਂ ਦੇ ਇਲਾਜ ਅਤੇ ਮੁੜ ਵਸੇਬੇ ਦਾ ਕੇਂਦਰ ਹੈ, ਜਿੱਥੇ ਜ਼ਖ਼ਮੀ ਸੈਨਿਕਾਂ ਅਤੇ ਆਮ ਨਾਗਰਿਕਾਂ ਦਾ ਇਲਾਜ ਕੀਤਾ ਜਾਂਦਾ ਹੈ। ਹੈਰੀ ਨੇ ‘ਇਨਵਿਕਟਸ ਗੇਮਜ਼’ ਲਈ ਚੋਣ ਟਰਾਇਲ ਦੌਰਾਨ ਕਿਹਾ, ”ਅਸੀਂ ਇਨ੍ਹਾਂ ਸੈਨਿਕਾਂ ਦੇ ਵਰਦੀ ਪਹਿਨਣ ਤੋਂ ਪਹਿਲਾਂ ਹੀ ਉਨ੍ਹਾਂ ਵਿੱਚ ਨਿਵੇਸ਼ ਕੀਤਾ ਹੈ ਅਤੇ ਜਦੋਂ ਉਹ ਵਰਦੀ ਉਤਾਰ ਦੇਣ, ਉਦੋਂ ਵੀ ਸਾਨੂੰ ਉਨ੍ਹਾਂ ਦਾ ਸਾਥ ਦੇਣਾ ਅਤੇ ਉਨ੍ਹਾਂ ‘ਤੇ ਨਿਵੇਸ਼ ਕਰਨਾ ਜਾਰੀ ਰੱਖਣਾ ਚਾਹੀਦਾ ਹੈ।”
‘ਇਨਵਿਕਟਸ ਗੇਮਜ਼’ ਪੈਰਾਲੰਪਿਕ ਖੇਡਾਂ ਦੀ ਤਰਜ਼ ‘ਤੇ ਕਰਵਾਇਆ ਜਾਣ ਵਾਲਾ ਇੱਕ ਖੇਡ ਸਮਾਗਮ ਹੈ। ਇਸ ਦੀ ਸ਼ੁਰੂਆਤ ਹੈਰੀ ਨੇ ਦੁਨੀਆ ਭਰ ਦੇ ਸਾਬਕਾ ਸੈਨਿਕਾਂ ਨੂੰ ਜੰਗ ਦੌਰਾਨ ਲੱਗੀਆਂ ਸੱਟਾਂ ਤੋਂ ਉਭਰਨ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕੀਤੀ ਸੀ।
ਅਫਗਾਨਿਸਤਾਨ ਵਿੱਚ ਸੇਵਾ ਨਿਭਾ ਚੁੱਕੇ ਬ੍ਰਿਟਿਸ਼ ਫ਼ੌਜ ਦੇ ਸਾਬਕਾ ਸੈਨਿਕ ਹੈਰੀ ਨੇ ਸ਼ਨੀਵਾਰ ਨੂੰ ਵ੍ਹੀਲਚੇਅਰ ‘ਤੇ ਬੈਠ ਕੇ ਰਗਬੀ ਖੇਡਣ ਵਾਲੇ ਖਿਡਾਰੀਆਂ ਵਿਚਕਾਰ ਮੁਕਾਬਲਾ ਦੇਖਿਆ। ਉਨ੍ਹਾਂ ਨੇ ਪਿਕਲਬਾਲ ਖਿਡਾਰੀਆਂ ਦਾ ਮੁਕਾਬਲਾ ਵੀ ਦੇਖਿਆ। ਇਨ੍ਹਾਂ ਵਿੱਚੋਂ ਕਈ ਖਿਡਾਰੀ ਨਕਲੀ ਅੰਗਾਂ ਦੀ ਵਰਤੋਂ ਕਰਦੇ ਹਨ।
ਇਹ ਖਿਡਾਰੀ ਅਗਲੇ ਸਾਲ ਇੰਗਲੈਂਡ ਦੇ ਬਰਮਿੰਘਮ ਵਿੱਚ ਹੋਣ ਵਾਲੀਆਂ ‘ਇਨਵਿਕਟਸ ਗੇਮਜ਼’ ਵਿੱਚ ਯੂਕਰੇਨ ਦੀ ਨੁਮਾਇੰਦਗੀ ਕਰਨ ਲਈ ਮੁਕਾਬਲਾ ਕਰ ਰਹੇ ਸਨ। ‘ਡਿਊਕ ਆਫ਼ ਸਸੈਕਸ’ ਹੈਰੀ ਨੇ ਯੂਕਰੇਨ ਦੇ ਲੋਕਾਂ ਦੇ ਸਬਰ ਅਤੇ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨ ਦੀ ਉਨ੍ਹਾਂ ਦੀ ਸਮਰੱਥਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਮੀਦ ਜਤਾਈ ਕਿ ਜੰਗ ਜਲਦੀ ਹੀ ਖ਼ਤਮ ਹੋਵੇਗੀ। ਉਨ੍ਹਾਂ ਕਿਹਾ, ”ਦੁਨੀਆ ਦੇ ਬਾਕੀ ਦੇਸ਼ ਤੁਹਾਡਾ ਸਮਰਥਨ ਕਰਦੇ ਰਹਿਣਗੇ। ਮੇਰੀ ਨਜ਼ਰ ਵਿੱਚ ਤਾਂ ਤੁਸੀਂ ਪਹਿਲਾਂ ਹੀ ਜਿੱਤ ਚੁੱਕੇ ਹੋ।”
