ਗੁਰਦਾਸਪੁਰ : ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਰਾਵੀ ਨਦੀ ਦਾ ਪਾਣੀ ਦਾ ਪੱਧਰ ਵਧਣ ਕਾਰਨ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਮਕੋੜਾ ਪੱਤਣ ਦੇ ਪਾਰ ਵੱਸੇ ਸੱਤ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਪਿੰਡਾਂ ਨੂੰ ਜੋੜਨ ਦੇ ਲਈ ਬਣਾਇਆ ਗਿਆ ਪੈਂਟੂਨ ਪੁਲ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਕੇ ਅੱਗੇ ਤੋਂ ਰੁੜ੍ਹ ਗਿਆ, ਜਿਸ ਕਾਰਨ ਲੋਕਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ।
ਜਾਣਕਾਰੀ ਦੇ ਅਨੁਸਾਰ, ਪੰਜਾਬ ਦੇ ਪਹਾੜੀ ਇਲਾਕਿਆਂ ਵਿੱਚ ਪਏ ਭਾਰੀਂ ਮੀਂਹ ਦੇ ਚੱਲਦੇ ਨਦੀਆਂ ਓਵਰਫਲੋ ਉੱਤੇ ਹਨ। ਇਸ ਦਾ ਸਿੱਧਾ ਅਸਰ ਰਾਵੀ ਦਰਿਆ ‘ਤੇ ਪਿਆ ਹੈ, ਜਿੱਥੇ ਅਚਾਨਕ ਪਾਣੀ ਦਾ ਪੱਧਰ ਵਧਣ ਕਾਰਨ ਪੁਲ ਨੂੰ ਨੁਕਸਾਨ ਪਹੁੰਚਿਆ। ਪੁਲ ਟੁੱਟਣ ਕਾਰਨ ਪਾਰਲੇ ਇਲਾਕੇ ਵਿੱਚ ਰਹਿਣ ਵਾਲੇ ਲੋਕ ਦੋਵੇਂ ਪਾਸੇ ਫਸ ਗਏ ਹਨ। ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਰੋਜ਼ਾਨਾ ਦੇ ਕੰਮਾਂ ਲਈ ਬਾਹਰ ਜਾਣਾ ਮੁਸ਼ਕਿਲ ਹੋ ਗਿਆ ਹੈ। ਕਿਸਾਨ ਆਪਣੀਆਂ ਫਸਲਾਂ ਅਤੇ ਪਸ਼ੂਆਂ ਲਈ ਚਾਰਾ ਲਿਆਉਣ ਵਿੱਚ ਅਸਮਰੱਥ ਹਨ। ਹਾਲਾਤ ਇਹ ਹਨ ਕਿ ਹੁਣ ਕਿਸ਼ਤੀਆਂ ਦਾ ਸੰਚਾਲਨ ਵੀ ਬੰਦ ਹੋ ਗਿਆ ਹੈ,ਜਿਸ ਨਾਲ ਲੋਕਾਂ ਦੀ ਪਰੇਸ਼ਾਨੀ ਹੋਰ ਵੱਧ ਗਈ ਹੈ। ਇਲਾਕਾ ਵਾਸੀਆਂ ਨੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੋਂਟੂਨ ਪੁਲ ਦੀ ਮੁਰੰਮਤ ਜਲਦੀ ਕੀਤੀ ਜਾਵੇ, ਤਾਂ ਜੋ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਆਵਾਜਾਈ ਮੁੜ ਸ਼ੁਰੂ ਹੋ ਸਕੇ।











