Home ਪੰਜਾਬ ਪਠਾਨਕੋਟ-ਡਲਹੌਜ਼ੀ ਹਾਈਵੇਅ ‘ਤੇ ਖਾਈ ‘ਚ ਡਿੱਗੀ ਬੋਲੇਰੋ

ਪਠਾਨਕੋਟ-ਡਲਹੌਜ਼ੀ ਹਾਈਵੇਅ ‘ਤੇ ਖਾਈ ‘ਚ ਡਿੱਗੀ ਬੋਲੇਰੋ

0

ਪਠਾਨਕੋਟ: ਪਠਾਨਕੋਟ-ਡਲਹੌਜ਼ੀ-ਚੰਬਾ ਨੈਸ਼ਨਲ ਹਾਈਵੇਅ ‘ਤੇ ਪਿੰਡ ਭੂਣ ਨੇੜੇ ਇੱਕ ਵੱਡਾ ਹਾਦਸਾ ਵਾਪਰ ਗਿਆ। ਸੜਕ ਕਿਨਾਰੇ ਖੜ੍ਹੀ ਬੋਲੇਰੋ ਜੀਪ ਅਚਾਨਕ ਪਿੱਛੇ ਵੱਲ ਖਿਸਕਦੀ ਹੋਈ ਡੂੰਘੀ ਖਾਈ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਜੀਪ ਵਿੱਚ ਸਵਾਰ 3 ਮਹਿਲਾਵਾਂ ਜ਼ਖ਼ਮੀ ਹੋ ਗਈਆਂ।

ਸੂਚਨਾ ਮਿਲਣ ‘ਤੇ ਸੜਕ ਸੁਰੱਖਿਆ ਫੋਰਸ (SSF) ਦੀ ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਖੱਡ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਧਾਰ-ਕਟੋਰੀ ਬੰਗਲਾ ਦੇ ਨਾਈਟ ਸ਼ਿਫਟ ਅਧਿਕਾਰੀ ASI ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਬੋਲੇਰੋ ਜੀਪ ਨੰਬਰ JK-08C-0090 ਨੂੰ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਪਿੰਡ ਹਟਮਸਕਾ ਦਾ ਰਹਿਣ ਵਾਲਾ ਦੀਪਕ ਥਾਪਾ ਚਲਾ ਰਿਹਾ ਸੀ। ਜੀਪ ਪਠਾਨਕੋਟ ਤੋਂ ਬਸੋਹਲੀ ਵੱਲ ਜਾ ਰਹੀ ਸੀ।

ਰਸਤੇ ਵਿੱਚ ਪਿੰਡ ਭੂਣ ਨੇੜੇ ਯਾਤਰੀਆਂ ਨੇ ਆਰਾਮ ਕਰਨ ਲਈ ਗੱਡੀ ਸੜਕ ਕਿਨਾਰੇ ਰੋਕ ਦਿੱਤੀ ਅਤੇ ਹੇਠਾਂ ਉਤਰ ਗਏ। ਇਸੇ ਦੌਰਾਨ ਡਰਾਈਵਰ ਵੱਲੋਂ ਹੈਂਡਬ੍ਰੇਕ ਸਹੀ ਢੰਗ ਨਾਲ ਨਾ ਲਗਾਏ ਜਾਣ ਕਾਰਨ ਜੀਪ ਅਚਾਨਕ ਪਿੱਛੇ ਵੱਲ ਖਿਸਕਣ ਲੱਗੀ ਅਤੇ ਸੜਕ ਨਾਲ ਲੱਗਦੀ ਡੂੰਘੀ ਖੱਡ ਵਿੱਚ ਜਾ ਡਿੱਗੀ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ASI ਜੋਗਿੰਦਰ ਸਿੰਘ ਆਪਣੀ ਟੀਮ ਦੇ ਮੈਂਬਰ ਕਾਂਸਟੇਬਲ ਵਿਕਾਸ ਮੇਹਰਾ ਅਤੇ ਕਾਂਸਟੇਬਲ ਮੁਨੀਸ਼ ਸਿੰਘ ਨਾਲ ਮੌਕੇ ‘ਤੇ ਪਹੁੰਚੇ। ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਤਿੰਨਾਂ ਜ਼ਖ਼ਮੀ ਮਹਿਲਾਵਾਂ ਨੂੰ ਖੱਡ ਵਿੱਚੋਂ ਬਾਹਰ ਕੱਢਿਆ ਅਤੇ ਮੁੱਢਲੇ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਬਧਾਨੀ ਵਿਖੇ ਦਾਖ਼ਲ ਕਰਵਾਇਆ।

ਮਹਿਲਾਵਾਂ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਅਗਲੇ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ ਰੈਫਰ ਕਰ ਦਿੱਤਾ। ਜ਼ਖ਼ਮੀ ਮਹਿਲਾਵਾਂ ਦੀ ਪਛਾਣ ਸੁਨੀਤਾ ਦੇਵੀ, ਕਾਜਲ ਅਤੇ ਸ਼ਕਤੀ ਦੇਵੀ ਵਜੋਂ ਹੋਈ ਹੈ। ਤਿੰਨੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਪਿੰਡ ਹਟਮਸਕਾ ਦੀਆਂ ਰਹਿਣ ਵਾਲੀਆਂ ਹਨ।

SSF ਟੀਮ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ

ਹਾਦਸੇ ਤੋਂ ਬਾਅਦ SSF ਦੀ ਟੀਮ ਨੇ ਜ਼ਖ਼ਮੀਆਂ ਦੇ ਮੋਬਾਈਲ ਫੋਨ, ਨਕਦੀ ਵਾਲੇ ਪਰਸ, ਕੱਪੜੇ, ਦਵਾਈਆਂ ਅਤੇ ਹੋਰ ਕੀਮਤੀ ਸਾਮਾਨ ਨੂੰ ਸੁਰੱਖਿਅਤ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਬਾਅਦ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ।

SSF ਟੀਮ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਪਹਾੜੀ ਅਤੇ ਢਲਾਣ ਵਾਲੇ ਰਸਤਿਆਂ ‘ਤੇ ਵਾਹਨ ਖੜ੍ਹਾ ਕਰਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਅਤੇ ਹੈਂਡਬ੍ਰੇਕ ਦੀ ਸਹੀ ਵਰਤੋਂ ਜ਼ਰੂਰ ਕਰਨ, ਤਾਂ ਜੋ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।

NO COMMENTS

LEAVE A REPLY

Please enter your comment!
Please enter your name here

Exit mobile version