Home ਦੇਸ਼ PM ਮੋਦੀ ਦੇ ਜਨਮਦਿਨ ਨੂੰ ਲੈ ਕੇ ਭਾਜਪਾ ਦਾ ਵੱਡਾ ਪਲਾਨ…

PM ਮੋਦੀ ਦੇ ਜਨਮਦਿਨ ਨੂੰ ਲੈ ਕੇ ਭਾਜਪਾ ਦਾ ਵੱਡਾ ਪਲਾਨ…

0

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਨੂੰ ਲੈ ਕੇ ਭਾਜਪਾ ਨੇ ਵੱਡੇ ਪੱਧਰ ’ਤੇ ਪ੍ਰੋਗਰਾਮ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ 17 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ਮੌਕੇ ਆਪਣੇ ਘਰਾਂ ਵਿੱਚ ‘ਆਸ਼ੀਰਵਾਦ ਦਾ ਦੀਵਾ’ ਜਗਾਉਣ ਅਤੇ ਉਨ੍ਹਾਂ ਦੀ ਲੰਬੀ ਤੇ ਸਿਹਤਮੰਦ ਜ਼ਿੰਦਗੀ ਲਈ ਪ੍ਰਾਰਥਨਾ ਕਰਨ।

ਭਾਜਪਾ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਜਨਤਕ ਜੀਵਨ ਦੇ 25 ਸਾਲ ਪੂਰੇ ਹੋਣ ਨੂੰ ਸਮਰਪਿਤ ‘ਸੇਵਾ ਸੰਕਲਪ ਅਭਿਆਨ’ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਅਭਿਆਨ 17 ਸਤੰਬਰ ਤੋਂ 17 ਅਕਤੂਬਰ ਤੱਕ ਚੱਲੇਗਾ। ਇਸ ਦੌਰਾਨ ਜਨਤਕ ਭਾਗੀਦਾਰੀ ਵਧਾਉਣ, ਸਰਕਾਰੀ ਭਲਾਈ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਨਾਲ ਕਈ ਪ੍ਰੋਗਰਾਮ ਕਰਵਾਏ ਜਾਣਗੇ।

ਸ਼ਾਮ 6 ਤੋਂ 7 ਵਜੇ ਤੱਕ ਦੀਵਾ ਜਗਾਉਣ ਦੀ ਅਪੀਲ

ਨਿਤਿਨ ਨਬੀਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਜਾਰੀ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਮੁੱਖ ਉਦੇਸ਼ ਜਨ ਸੇਵਾ ਰਾਹੀਂ ਰਾਸ਼ਟਰ ਦੀ ਸੇਵਾ ਕਰਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਦੇਸ਼ ‘ਵਿਕਸਤ ਭਾਰਤ’ ਦੇ ਟੀਚੇ ਵੱਲ ਅੱਗੇ ਵਧ ਰਿਹਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 17 ਸਤੰਬਰ ਨੂੰ ਸ਼ਾਮ 6 ਵਜੇ ਤੋਂ 7 ਵਜੇ ਦੇ ਵਿਚਕਾਰ ਆਪਣੇ ਘਰਾਂ ਵਿੱਚ ‘ਆਸ਼ੀਰਵਾਦ ਦਾ ਦੀਵਾ’ ਜਗਾਇਆ ਜਾਵੇ। ਭਾਜਪਾ ਵੱਲੋਂ ਇਸ ਮੌਕੇ ਦੇਸ਼ ਭਰ ਵਿੱਚ ਦੀਵਾ ਪ੍ਰੋਗਰਾਮ ਦੇ ਨਾਲ-ਨਾਲ ਖੂਨਦਾਨ ਕੈਂਪ ਵੀ ਲਗਾਏ ਜਾਣਗੇ।

ਮੋਦੀ ਸਰਕਾਰ ਦੀਆਂ ਯੋਜਨਾਵਾਂ ਦਾ ਕੀਤਾ ਜ਼ਿਕਰ

ਨਿਤਿਨ ਨਬੀਨ ਨੇ ਕਿਹਾ ਕਿ ਦੇਸ਼ ਦੀ ਕਮਾਨ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਈ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕੀਤਾ ਅਤੇ ਵੱਖ-ਵੱਖ ਨੀਤੀਆਂ ਤੇ ਯੋਜਨਾਵਾਂ ਰਾਹੀਂ ਦੇਸ਼ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ।

ਕੋਵਿਡ-19 ਮਹਾਂਮਾਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਸਮੇਂ ਸਰਕਾਰ ਦੀ ਅਗਵਾਈ ਨੇ ਲੋਕਾਂ ਵਿੱਚ ਇਹ ਭਰੋਸਾ ਪੈਦਾ ਕੀਤਾ ਕਿ ਮੁਸ਼ਕਲਾਂ ਨੂੰ ਮੌਕਿਆਂ ਵਿੱਚ ਬਦਲਿਆ ਜਾ ਸਕਦਾ ਹੈ। ਉਨ੍ਹਾਂ ਭਾਰਤ ਦੀ ਟੀਕਾਕਰਨ ਮੁਹਿੰਮ ਨੂੰ ਵੀ ‘ਆਤਮਨਿਰਭਰ ਭਾਰਤ’ ਵੱਲ ਵਧਦੇ ਕਦਮ ਵਜੋਂ ਪੇਸ਼ ਕੀਤਾ।

ਨਬੀਨ ਨੇ ਨੌਜਵਾਨਾਂ ਅਤੇ ਔਰਤਾਂ ਨਾਲ ਜੁੜੀਆਂ ਸਰਕਾਰੀ ਪਹਿਲਕਦਮੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਟਾਰਟਅੱਪ ਨਾਲ ਜੁੜੀਆਂ ਯੋਜਨਾਵਾਂ ਰਾਹੀਂ ਨੌਜਵਾਨਾਂ ਨੂੰ ਆਤਮਨਿਰਭਰ ਬਣਾਉਣ ਅਤੇ ਔਰਤਾਂ ਨੂੰ ‘ਲਖਪਤੀ ਦੀਦੀ’ ਵਰਗੀਆਂ ਪਹਿਲਕਦਮੀਆਂ ਰਾਹੀਂ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਕੰਮ ਕੀਤਾ ਗਿਆ ਹੈ।

ਨਕਸਲਵਾਦ ਅਤੇ ਅੱਤਵਾਦ ’ਤੇ ਵੀ ਦਿੱਤਾ ਬਿਆਨ

ਭਾਜਪਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਦੇਸ਼ ਵਿੱਚ ਨਕਸਲਵਾਦ ਦਾ ਪ੍ਰਭਾਵ ਵੱਡੀ ਗਿਣਤੀ ਵਿੱਚ ਜ਼ਿਲ੍ਹਿਆਂ ਤੱਕ ਫੈਲਿਆ ਹੋਇਆ ਸੀ, ਪਰ ਹੁਣ 2026 ਵਿੱਚ ਭਾਰਤ ਨਕਸਲਵਾਦ ਤੋਂ ਮੁਕਤ ਹੋਣ ਵੱਲ ਵਧ ਚੁੱਕਾ ਹੈ।

ਅੱਤਵਾਦ ਦਾ ਜ਼ਿਕਰ ਕਰਦਿਆਂ ਨਿਤਿਨ ਨਬੀਨ ਨੇ ਕਿਹਾ ਕਿ ਦੇਸ਼ ਲੰਬੇ ਸਮੇਂ ਤੱਕ ਅੱਤਵਾਦ ਅਤੇ ਡਰ ਦੇ ਮਾਹੌਲ ਦਾ ਸਾਹਮਣਾ ਕਰਦਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਅੱਤਵਾਦ ਖ਼ਿਲਾਫ਼ ਸਖ਼ਤ ਰੁਖ਼ ਅਪਣਾਇਆ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version