Homeਰਾਜਸਥਾਨਭਾਜਪਾ ਵਿਧਾਇਕ ਜਸਵੰਤ ਯਾਦਵ ਦਾ ਹੋਇਆ ਦੇਹਾਂਤ

ਭਾਜਪਾ ਵਿਧਾਇਕ ਜਸਵੰਤ ਯਾਦਵ ਦਾ ਹੋਇਆ ਦੇਹਾਂਤ

ਜੈਪੁਰ : ਰਾਜਸਥਾਨ ਦੇ ਬਹਿਰੋੜ ਤੋਂ ਭਾਜਪਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਜਸਵੰਤ ਯਾਦਵ ਦਾ ਕੈਂਸਰ ਨਾਲ ਲੰਬੇ ਸਮੇਂ ਤੱਕ ਜੂਝਣ ਤੋਂ ਬਾਅਦ ਅੱਜ ਸਵੇਰੇ ਜੈਪੁਰ ਵਿੱਚ ਦੇਹਾਂਤ ਹੋ ਗਿਆ। ਉਹ 73 ਸਾਲ ਦੇ ਸਨ। ਉਨ੍ਹਾਂ ਦੇ ਪੁੱਤਰ ਮੋਹਿਤ ਯਾਦਵ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਰਾਹੀਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਸਵੇਰੇ 8:15 ਵਜੇ ਆਖਰੀ ਸਾਹ ਲਿਆ।

ਮੋਹਿਤ ਯਾਦਵ ਨੇ ਆਪਣੀ ਪੋਸਟ ਵਿੱਚ ਕਿਹਾ, ‘‘ਮੈਨੂੰ ਬਹੁਤ ਦੁੱਖ ਨਾਲ ਸੂਚਿਤ ਕਰਨਾ ਪੈ ਰਿਹਾ ਹੈ ਕਿ ਮੇਰੇ ਪੂਜਨੀਕ ਪਿਤਾ ਡਾ. ਜਸਵੰਤ ਯਾਦਵ ਜੀ, ਬਹਿਰੋੜ ਦੇ ਮੌਜੂਦਾ ਵਿਧਾਇਕ, ਰਾਜਸਥਾਨ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਅਲਵਰ ਦੇ ਸਾਬਕਾ ਸੰਸਦ ਮੈਂਬਰ ਹੁਣ ਸਾਡੇ ਵਿਚਕਾਰ ਨਹੀਂ ਰਹੇ।’’

ਉਨ੍ਹਾਂ ਨੇ ਆਪਣੇ ਪਿਤਾ ਨੂੰ ਮਹਾਨ ਸ਼ਖ਼ਸੀਅਤ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਪਿਆਰ, ਸਾਦਗੀ ਅਤੇ ਸਮਾਜ ਪ੍ਰਤੀ ਸਮਰਪਣ ਲੋਕਾਂ ਦੀਆਂ ਯਾਦਾਂ ਵਿੱਚ ਹਮੇਸ਼ਾ ਬਣਿਆ ਰਹੇਗਾ।

ਜਸਵੰਤ ਯਾਦਵ ਚਾਰ ਵਾਰ ਵਿਧਾਇਕ ਰਹੇ ਅਤੇ ਉਨ੍ਹਾਂ ਨੇ ਲੋਕ ਸਭਾ ਵਿੱਚ ਅਲਵਰ ਦੀ ਨੁਮਾਇੰਦਗੀ ਕੀਤੀ। ਉਹ 2016 ਤੋਂ 2018 ਤੱਕ ਵਸੁੰਧਰਾ ਰਾਜੇ ਦੀ ਅਗਵਾਈ ਵਾਲੀ ਰਾਜਸਥਾਨ ਸਰਕਾਰ ਵਿੱਚ ਮੰਤਰੀ ਰਹੇ। ਉਨ੍ਹਾਂ ਨੇ 1998 ਵਿੱਚ ਮੁੰਡਾਵਰ ਵਿਧਾਨ ਸਭਾ ਸੀਟ ਤੋਂ ਚੋਣ ਜਿੱਤ ਕੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਬਹਿਰੋੜ ਸੀਟ ਤੋਂ ਮੌਜੂਦਾ ਭਾਜਪਾ ਵਿਧਾਇਕ ਸਨ

ਸਾਲ 1999 ਵਿੱਚ ਉਹ ਅਲਵਰ ਤੋਂ ਲੋਕ ਸਭਾ ਲਈ ਚੁਣੇ ਗਏ ਸਨ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਰਾਜਸਥਾਨ ਵਿਧਾਨ ਸਭਾ ਵਿੱਚ ਮੈਂਬਰਾਂ ਦੀ ਗਿਣਤੀ ਘਟ ਕੇ 199 ਰਹਿ ਗਈ ਹੈ। ਬਹਿਰੋੜ ਵਿਧਾਨ ਸਭਾ ਸੀਟ ’ਤੇ ਛੇ ਮਹੀਨਿਆਂ ਦੇ ਅੰਦਰ ਜ਼ਿਮਨੀ ਚੋਣ ਹੋਣ ਦੀ ਸੰਭਾਵਨਾ ਹੈ।

ਪਰਿਵਾਰਕ ਮੈਂਬਰਾਂ ਅਨੁਸਾਰ, ਐਤਵਾਰ ਸ਼ਾਮ 4 ਵਜੇ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਅਲਵਰ ਸਥਿਤ ਜਸਵੰਤ ਨਗਰ ਵਿਖੇ ਉਨ੍ਹਾਂ ਦੀ ਰਿਹਾਇਸ਼ ’ਤੇ ਰੱਖਿਆ ਜਾਵੇਗਾ। ਉਨ੍ਹਾਂ ਦਾ ਅੰਤਿਮ ਸਸਕਾਰ ਸੋਮਵਾਰ ਦੁਪਹਿਰ 3 ਵਜੇ ਖੈਰਥਲ-ਤਿਜਾਰਾ ਜ਼ਿਲ੍ਹੇ ਵਿੱਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਸਿਲਪਟਾ ਵਿਖੇ ਕੀਤਾ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments