Home ਯੂਪੀ ਖ਼ਬਰਾਂ ਰੋਡ ਸ਼ੋਅ ਦੌਰਾਨ JCB ਦੀ ਲਪੇਟ ‘ਚ ਆਉਣ ਨਾਲ ਭਾਜਪਾ ਆਗੂ ਦੇ...

ਰੋਡ ਸ਼ੋਅ ਦੌਰਾਨ JCB ਦੀ ਲਪੇਟ ‘ਚ ਆਉਣ ਨਾਲ ਭਾਜਪਾ ਆਗੂ ਦੇ ਪੁੱਤਰ ਦੀ ਮੌਤ

0

ਗੋਰਖਪੁਰ: ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਸਮਾਜਵਾਦੀ ਪਾਰਟੀ (SP) ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਰੋਡ ਸ਼ੋਅ ਵਿੱਚ ਸ਼ਾਮਲ ਜੇ.ਸੀ.ਬੀ. ਦੀ ਕਥਿਤ ਲਪੇਟ ਵਿੱਚ ਆਉਣ ਕਾਰਨ ਭਾਜਪਾ ਦੇ ਇੱਕ ਸਥਾਨਕ ਅਹੁਦੇਦਾਰ ਦੇ 14 ਸਾਲਾ ਪੁੱਤਰ ਦੀ ਮੌਤ ਹੋਣ ਤੋਂ ਬਾਅਦ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀਰਵਾਰ ਨੂੰ ਇਸ ਘਟਨਾ ਲਈ ਬੁੱਧਵਾਰ ਨੂੰ ਹੋਏ ਸਮਾਜਵਾਦੀ ਪਾਰਟੀ ਦੇ ਰੋਡ ਸ਼ੋਅ ਨੂੰ ਜ਼ਿੰਮੇਵਾਰ ਠਹਿਰਾਇਆ, ਜਦਕਿ ਅਖਿਲੇਸ਼ ਯਾਦਵ ਨੇ ਭਾਜਪਾ ’ਤੇ ਹਾਦਸੇ ਦਾ ਸਿਆਸੀਕਰਨ ਕਰਨ ਦਾ ਦੋਸ਼ ਲਗਾਇਆ ਹੈ।

ਮ੍ਰਿਤਕ ਦੀ ਪਛਾਣ ਆਰਯਵਰਧਨ ਸਿੰਘ ਵਜੋਂ ਹੋਈ ਹੈ। ਉਹ ਭਾਜਪਾ ਦੇ ਚੋਣ ਕਮਿਸ਼ਨ ਸੰਪਰਕ ਵਿਭਾਗ ਦੇ ਜ਼ਿਲ੍ਹਾ ਸਹਿ-ਸੰਯੋਜਕ ਓਂਕਾਰ ਸਿੰਘ ਦਾ ਪੁੱਤਰ ਸੀ ਅਤੇ ਕੇਂਦਰੀ ਵਿਦਿਆਲਿਆ, ਨੰਦ ਨਗਰ ਵਿੱਚ 10ਵੀਂ ਜਮਾਤ ਦਾ ਵਿਦਿਆਰਥੀ ਸੀ।

ਪੁਲਿਸ ਅਤੇ ਪਰਿਵਾਰਕ ਮੈਂਬਰਾਂ ਅਨੁਸਾਰ, ਬੁੱਧਵਾਰ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਉਸ ਨੂੰ ਗੋਰਖਪੁਰ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (AIIMS) ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਓਂਕਾਰ ਸਿੰਘ ਅਨੁਸਾਰ, ਉਨ੍ਹਾਂ ਦਾ ਪੁੱਤਰ ਬੁੱਧਵਾਰ ਦੁਪਹਿਰ ਕਰੀਬ ਢਾਈ ਵਜੇ ਆਪਣੀ ਭੈਣ ਸਮ੍ਰਿੱਧੀ ਨੂੰ ਲੈਣ ਲਈ ਨੇੜਲੇ ਚੌਕ ਵੱਲ ਜਾ ਰਿਹਾ ਸੀ। ਇਸੇ ਦੌਰਾਨ ਸਮਾਜਵਾਦੀ ਪਾਰਟੀ ਦੇ ਰੋਡ ਸ਼ੋਅ ਵਿੱਚ ਸ਼ਾਮਲ ਜੇ.ਸੀ.ਬੀ. ਨੇ ਉਸ ਨੂੰ ਟੱਕਰ ਮਾਰ ਦਿੱਤੀ।

ਹਾਲਾਂਕਿ, ਜ਼ਿਲ੍ਹਾ ਮੈਜਿਸਟ੍ਰੇਟ ਦੀਪਕ ਮੀਣਾ ਨੇ ਵੀਰਵਾਰ ਨੂੰ ਦੱਸਿਆ ਕਿ ਹਾਦਸਾ ਕਰੀਬ ਸਾਢੇ ਤਿੰਨ ਵਜੇ ਵਾਪਰਿਆ ਸੀ ਅਤੇ ਉਸ ਸਮੇਂ ਲੜਕਾ ਸਕੂਟਰ ਚਲਾ ਰਿਹਾ ਸੀ, ਜਿਸ ਦੀ ਜੇ.ਸੀ.ਬੀ. ਨਾਲ ਟੱਕਰ ਹੋ ਗਈ ਸੀ।

CM ਯੋਗੀ ਨੇ ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ

ਇਸ ਦੌਰਾਨ ਸਮਾਜਵਾਦੀ ਪਾਰਟੀ ਨੇ ਕਥਿਤ ਸੀ.ਸੀ.ਟੀ.ਵੀ. ਫੁਟੇਜ ਜਾਰੀ ਕਰਕੇ ਦਾਅਵਾ ਕੀਤਾ ਕਿ ਪਹਿਲਾਂ ਉੱਤਰ ਪ੍ਰਦੇਸ਼ ਰਾਜ ਸੜਕ ਟਰਾਂਸਪੋਰਟ ਨਿਗਮ ਦੀ ਬੱਸ ਨੇ ਲੜਕੇ ਨੂੰ ਟੱਕਰ ਮਾਰੀ ਅਤੇ ਇਸ ਤੋਂ ਬਾਅਦ ਜੇ.ਸੀ.ਬੀ. ਦੀ ਲਪੇਟ ਵਿੱਚ ਆਉਣ ਕਾਰਨ ਉਹ ਜ਼ਖ਼ਮੀ ਹੋ ਗਿਆ। ਪਾਰਟੀ ਦਾ ਦਾਅਵਾ ਹੈ ਕਿ ਫੁਟੇਜ ਵਿੱਚ ਘਟਨਾ ਵਾਲੀ ਥਾਂ ’ਤੇ ਕੋਈ ਰੋਡ ਸ਼ੋਅ ਜਾਂ ਰੈਲੀ ਦਿਖਾਈ ਨਹੀਂ ਦੇ ਰਹੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀਰਵਾਰ ਨੂੰ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਸਮਾਜਵਾਦੀ ਪਾਰਟੀ ’ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਦੋਸ਼ ਲਗਾਇਆ ਕਿ ਸਪਾ ਦੇ ਗੁੰਡਿਆਂ ਨੇ ਬੱਚੇ ਨੂੰ ਕੁਚਲ ਕੇ ਬੇਰਹਿਮੀ ਨਾਲ ਮਾਰ ਦਿੱਤਾ।

ਆਦਿੱਤਿਆਨਾਥ ਨੇ ਕਿਹਾ ਕਿ ਲੜਕਾ ਇਤਿਹਾਸਕ ਚੌਰੀ-ਚੌਰਾ ਕਾਂਡ ਨਾਲ ਜੁੜੇ ਇੱਕ ਮਹੱਤਵਪੂਰਨ ਕ੍ਰਾਂਤੀਕਾਰੀ ਦੇ ਪਰਿਵਾਰ ਨਾਲ ਸਬੰਧਤ ਸੀ ਅਤੇ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਨਾਲ ਅਜਿਹੀ ਬੇਰਹਿਮੀ ਅਸਹਿਣਯੋਗ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਅਜਿਹੀ ਸਖ਼ਤ ਸਜ਼ਾ ਦਿੱਤੀ ਜਾਵੇਗੀ, ਜਿਸ ਨੂੰ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ।

ਅਖਿਲੇਸ਼ ਯਾਦਵ ਨੇ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ

ਦੂਜੇ ਪਾਸੇ, ਅਖਿਲੇਸ਼ ਯਾਦਵ ਨੇ ਮੁੱਖ ਮੰਤਰੀ ’ਤੇ ਬਿਨਾਂ ਸਬੂਤ ਦੋਸ਼ ਲਗਾਉਣ ਦਾ ਇਲਜ਼ਾਮ ਲਗਾਉਂਦਿਆਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ‘ਐਕਸ’ ’ਤੇ ਕਿਹਾ ਕਿ ਜਾਰੀ ਕੀਤੀ ਗਈ ਫੁਟੇਜ ਵਿੱਚ ਘਟਨਾ ਵਾਲੀ ਥਾਂ ’ਤੇ ਨਾ ਤਾਂ ਕੋਈ ਰੋਡ ਸ਼ੋਅ ਦਿਖਾਈ ਦੇ ਰਿਹਾ ਹੈ ਅਤੇ ਨਾ ਹੀ ਕੋਈ ਰੈਲੀ। ਉਨ੍ਹਾਂ ਕਿਹਾ ਕਿ ਹਾਦਸੇ ਦਾ ਸਿਆਸੀਕਰਨ ਕਰਨਾ ਪੀੜਤ ਪਰਿਵਾਰ ਨਾਲ ਬੇਇਨਸਾਫ਼ੀ ਹੈ।

ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਵੀਰਵਾਰ ਨੂੰ ਏਮਜ਼ ਥਾਣੇ ਵਿੱਚ 66 ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਇਨ੍ਹਾਂ ਵਿੱਚ ਜੇ.ਸੀ.ਬੀ. ਚਾਲਕ ਸਾਧੂ ਯਾਦਵ ਉਰਫ਼ ਸਾਧੂ ਭਈਆ, ਮਨੋਜ ਯਾਦਵ, ਮ੍ਰਿਤੁੰਜਯ ਯਾਦਵ ਉਰਫ਼ ਬਿੱਟੂ, ਯੋਗੇਸ਼ ਯਾਦਵ ਅਤੇ ਚੰਦਰ ਪ੍ਰਕਾਸ਼ ਦੇ ਨਾਂ ਸ਼ਾਮਲ ਹਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਸਮੇਤ ਸਾਰੇ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version