Home ਯੂਪੀ ਖ਼ਬਰਾਂ ਪ੍ਰਧਾਨ ਮੰਤਰੀ ਮੋਦੀ ਭਲਕੇ ਗੰਗਾ ’ਤੇ ਬਣੇ ‘ਨੀਤੀਸ਼ ਸੇਤੂ’ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਭਲਕੇ ਗੰਗਾ ’ਤੇ ਬਣੇ ‘ਨੀਤੀਸ਼ ਸੇਤੂ’ ਦਾ ਕਰਨਗੇ ਉਦਘਾਟਨ

0

ਪਟਨਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿੱਚ ਗੰਗਾ ਨਦੀ ’ਤੇ ਬਣੇ ਪੁਲ ਦਾ ਉਦਘਾਟਨ ਕਰਨਗੇ। ਇਸ ਪੁਲ ਦਾ ਨਾਮ ਸੂਬੇ ਦੇ ਸਾਬਕਾ ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ ਨਾਂ ’ਤੇ ਰੱਖਿਆ ਗਿਆ ਹੈ ਅਤੇ ਇਸ ਦੇ ਨਿਰਮਾਣ ’ਤੇ 5,500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਪ੍ਰਧਾਨ ਮੰਤਰੀ ਇਸ ਸਾਲ ਮਈ ਤੋਂ ਬਾਅਦ ਪਹਿਲੀ ਵਾਰ ਬਿਹਾਰ ਦੇ ਦੌਰੇ ’ਤੇ ਆ ਰਹੇ ਹਨ। ਮਈ ਵਿੱਚ ਉਨ੍ਹਾਂ ਨੇ ਬਿਹਾਰ ਵਿੱਚ ਸਮਰਾਟ ਚੌਧਰੀ ਦੀ ਅਗਵਾਈ ਵਾਲੀ ਸਰਕਾਰ ਦੇ ਮੰਤਰੀ ਮੰਡਲ ਦੇ ਵਿਸਥਾਰ ਮੌਕੇ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ। ਸਮਰਾਟ ਚੌਧਰੀ ਬਿਹਾਰ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪਹਿਲੇ ਮੁੱਖ ਮੰਤਰੀ ਹਨ।

9.76 ਕਿਲੋਮੀਟਰ ਲੰਬਾ ਛੇ ਮਾਰਗੀ ਇਹ ਪੁਲ ਵੈਸ਼ਾਲੀ ਜ਼ਿਲ੍ਹੇ ਦੇ ਬਿਦੁਪੁਰ ਬਲਾਕ ਨੂੰ ਪਟਨਾ ਦੇ ਬਾਹਰੀ ਇਲਾਕੇ ਵਿੱਚ ਸਥਿਤ ਕੱਚੀ ਦਰਗਾਹ ਨਾਲ ਜੋੜਦਾ ਹੈ। ਸਾਬਕਾ ਮੁੱਖ ਮੰਤਰੀ ਅਤੇ ਜਨਤਾ ਦਲ ਯੂਨਾਈਟਿਡ (ਜਦਯੂ) ਦੇ ਪ੍ਰਧਾਨ ਨੀਤੀਸ਼ ਕੁਮਾਰ ਦੇ ਸਨਮਾਨ ਵਿੱਚ ਇਸ ਦਾ ਨਾਂ ‘ਨੀਤੀਸ਼ ਸੇਤੂ’ ਰੱਖਿਆ ਗਿਆ ਹੈ।

ਨੀਤੀਸ਼ ਕੁਮਾਰ ਦੇ ਮੁੱਖ ਮੰਤਰੀ ਰਹਿੰਦਿਆਂ ਹੀ ਇਸ ਪ੍ਰਾਜੈਕਟ ਦੀ ਕਲਪਨਾ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਇਹ ਲਗਭਗ ਪੂਰਾ ਹੋਇਆ। ਕਰੀਬ ਦੋ ਦਹਾਕਿਆਂ ਤੱਕ ਬਿਹਾਰ ਦੇ ਮੁੱਖ ਮੰਤਰੀ ਰਹੇ ਨੀਤੀਸ਼ ਕੁਮਾਰ ਨੇ ਅਪ੍ਰੈਲ 2026 ਵਿੱਚ ਮੁੱਖ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ।

ਉਨ੍ਹਾਂ ਨੇ ਸਾਲ 2012 ਵਿੱਚ ਇਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਸੀ, ਹਾਲਾਂਕਿ ਨਿਰਮਾਣ ਕਾਰਜ 2015 ਵਿੱਚ ਸ਼ੁਰੂ ਹੋਇਆ। ਇਸ ਤੋਂ ਇੱਕ ਸਾਲ ਪਹਿਲਾਂ ਕੇਂਦਰ ਦੀ ਤਤਕਾਲੀ ਐੱਨ.ਡੀ.ਏ. ਸਰਕਾਰ ਨੇ ਬਿਹਾਰ ਨੂੰ ਏਸ਼ੀਅਨ ਡਿਵੈਲਪਮੈਂਟ ਬੈਂਕ (ADB) ਤੋਂ ਕਰਜ਼ਾ ਲੈਣ ਵਿੱਚ ਮਦਦ ਕੀਤੀ ਸੀ। ਏ.ਡੀ.ਬੀ. ਨੇ ਇਸ ਪ੍ਰਾਜੈਕਟ ਲਈ ਕੁੱਲ 3,472.15 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਹੈ।

ਸੂਬਾ ਸਰਕਾਰ ਅਨੁਸਾਰ, ਇਸ ਪ੍ਰਾਜੈਕਟ ’ਤੇ ਉਸ ਨੇ ਆਪਣੇ ਸਰੋਤਾਂ ਤੋਂ 2,099.54 ਕਰੋੜ ਰੁਪਏ ਖਰਚ ਕੀਤੇ ਹਨ। ਪੁਲ ਦੇ ਦੋਵੇਂ ਪਾਸੇ ਸੰਪਰਕ ਸੜਕਾਂ ਨੂੰ ਸ਼ਾਮਲ ਕਰਨ ਨਾਲ ਇਸ ਦੀ ਕੁੱਲ ਲੰਬਾਈ ਕਰੀਬ 20 ਕਿਲੋਮੀਟਰ ਹੋ ਜਾਂਦੀ ਹੈ।

ਸਰਕਾਰ ਦਾ ਮੰਨਣਾ ਹੈ ਕਿ ਇਹ ਪੁਲ ਸੰਘਣੀ ਆਬਾਦੀ ਵਾਲੇ ਉੱਤਰੀ ਬਿਹਾਰ ਦੀ ਖੇਤੀਬਾੜੀ ਅਰਥਵਿਵਸਥਾ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹੇਗਾ। ਇਸ ਨਾਲ ਲੀਚੀ, ਕੇਲਾ, ਮੱਕੀ, ਸਬਜ਼ੀਆਂ ਅਤੇ ਹੋਰ ਖੇਤੀਬਾੜੀ ਉਤਪਾਦਾਂ ਨੂੰ ਉੱਤਰੀ ਬਿਹਾਰ ਤੋਂ ਦੂਜੇ ਇਲਾਕਿਆਂ ਤੱਕ ਪਹੁੰਚਾਉਣਾ ਆਸਾਨ ਹੋਵੇਗਾ।

ਸਰਕਾਰ ਨੂੰ ਇਹ ਵੀ ਉਮੀਦ ਹੈ ਕਿ ‘ਬਿਦੁਪੁਰ-ਕੱਚੀ ਦਰਗਾਹ ਕੋਰੀਡੋਰ’ ਨਿਵੇਸ਼ਕਾਂ ਲਈ ਇੱਕ ਆਕਰਸ਼ਕ ਸਥਾਨ ਬਣੇਗਾ ਅਤੇ ਇਸ ਵਿੱਚ ਸੈਰ-ਸਪਾਟਾ ਤੇ ਲੌਜਿਸਟਿਕਸ ਕੇਂਦਰ ਵਜੋਂ ਵਿਕਸਿਤ ਹੋਣ ਦੀ ਸਮਰੱਥਾ ਹੈ।

ਪੁਲ ਦੇ ਨਾਮਕਰਨ ਨੂੰ ਲੈ ਕੇ NDA ਅਤੇ RJD ਵਿਚਾਲੇ ਛਿੜੀ ਜ਼ੁਬਾਨੀ ਜੰਗ

ਇਸ ਦੌਰਾਨ ਪੁਲ ਦੇ ਨਾਮਕਰਨ ਨੂੰ ਲੈ ਕੇ ਸੱਤਾਧਾਰੀ ਰਾਸ਼ਟਰੀ ਜਨਤਾਂਤਰਿਕ ਗਠਜੋੜ (NDA) ਅਤੇ ਮੁੱਖ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ (RJD) ਵਿਚਾਲੇ ਜ਼ੁਬਾਨੀ ਜੰਗ ਛਿੜ ਗਈ ਹੈ। ਆਰ.ਜੇ.ਡੀ. ਨੇ ਵੀ ਇਸ ਪ੍ਰਾਜੈਕਟ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਉਹ ਨੀਤੀਸ਼ ਕੁਮਾਰ ਦੇ ਕਾਰਜਕਾਲ ਦੌਰਾਨ ਕੁਝ ਸਮੇਂ ਲਈ ਸਰਕਾਰ ਵਿੱਚ ਭਾਈਵਾਲ ਰਹੀ ਸੀ।

ਆਰ.ਜੇ.ਡੀ. ਦੇ ਕਾਰਜਕਾਰੀ ਪ੍ਰਧਾਨ ਤੇਜਸਵੀ ਯਾਦਵ ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਨੇ ਨੀਤੀਸ਼ ਕੁਮਾਰ ਦੇ ਜਿਊਂਦੇ ਜੀਅ ਪੁਲ ਦਾ ਨਾਂ ਉਨ੍ਹਾਂ ਦੇ ਨਾਂ ’ਤੇ ਰੱਖ ਕੇ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਮ੍ਰਿਤਕ ਐਲਾਨਣ ਦੀ ਕੋਸ਼ਿਸ਼ ਕੀਤੀ ਹੈ।

ਸੂਬਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਇਹ ਦਾਅਵਾ ਵੀ ਕੀਤਾ ਕਿ ਸਾਲ 2016 ਵਿੱਚ ਜਦੋਂ ਉਹ ਉਪ ਮੁੱਖ ਮੰਤਰੀ ਸਨ ਅਤੇ ਪਥ ਨਿਰਮਾਣ ਵਿਭਾਗ ਉਨ੍ਹਾਂ ਕੋਲ ਸੀ, ਉਦੋਂ ਬਿਦੁਪੁਰ ਦੇ ਆਜ਼ਾਦੀ ਘੁਲਾਟੀਏ ਅਕਸ਼ੈਵਟ ਰਾਏ ਦੇ ਨਾਂ ’ਤੇ ਪੁਲ ਦਾ ਨਾਮਕਰਨ ਕਰਨ ਦਾ ਪ੍ਰਸਤਾਵ ਨੀਤੀਸ਼ ਕੁਮਾਰ ਨੂੰ ਭੇਜਿਆ ਗਿਆ ਸੀ।

ਹਾਲਾਂਕਿ, ਸੱਤਾਧਾਰੀ ਐੱਨ.ਡੀ.ਏ. ਨੇ ਪੁਲ ਦੇ ਨਾਮਕਰਨ ਨੂੰ ਲੈ ਕੇ ਵਿਰੋਧੀ ਧਿਰ ਦੇ ਇਤਰਾਜ਼ਾਂ ਨੂੰ ਖਾਰਜ ਕਰ ਦਿੱਤਾ ਹੈ।

ਚਿਰਾਗ ਪਾਸਵਾਨ ਨੇ ਵੀ ਕੀਤਾ ‘ਨੀਤੀਸ਼ ਸੇਤੂ’ ਦੇ ਨਾਂ ਦਾ ਸਮਰਥਨ

ਪੁਲ ਦਾ ਨਾਂ ‘ਨੀਤੀਸ਼ ਸੇਤੂ’ ਰੱਖੇ ਜਾਣ ਦਾ ਸਮਰਥਨ ਕਰਨ ਵਾਲਿਆਂ ਵਿੱਚ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਵੀ ਸ਼ਾਮਲ ਹਨ। ਕਦੇ ਨੀਤੀਸ਼ ਕੁਮਾਰ ਦੇ ਕੱਟੜ ਆਲੋਚਕ ਰਹੇ ਚਿਰਾਗ ਦੀ ਪਾਰਟੀ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਐੱਨ.ਡੀ.ਏ. ਦੀ ਸਹਿਯੋਗੀ ਹੈ।

ਚਿਰਾਗ ਦੇ ਹਾਜੀਪੁਰ ਲੋਕ ਸਭਾ ਹਲਕੇ ਦੇ ਅਧੀਨ ਹੀ ਰਾਘੋਪੁਰ ਵਿਧਾਨ ਸਭਾ ਹਲਕਾ ਆਉਂਦਾ ਹੈ, ਜਿਸ ਦੀ ਨੁਮਾਇੰਦਗੀ ਤੇਜਸਵੀ ਯਾਦਵ ਕਰਦੇ ਹਨ।

ਜਦੋਂ ਚਿਰਾਗ ਪਾਸਵਾਨ ਨੂੰ ਕਿਹਾ ਗਿਆ ਕਿ ਉਨ੍ਹਾਂ ਦੇ ਮਰਹੂਮ ਪਿਤਾ ਰਾਮਵਿਲਾਸ ਪਾਸਵਾਨ ਨੇ ਵੀ ਕਈ ਵਾਰ ਹਾਜੀਪੁਰ ਦੀ ਨੁਮਾਇੰਦਗੀ ਕੀਤੀ ਸੀ ਅਤੇ ਉਨ੍ਹਾਂ ਨੂੰ ਵੀ ਇਸ ਤਰ੍ਹਾਂ ਦਾ ਸਨਮਾਨ ਮਿਲਣਾ ਚਾਹੀਦਾ ਸੀ ਤਾਂ ਉਨ੍ਹਾਂ ਨੇ ਭਾਵੁਕ ਅੰਦਾਜ਼ ਵਿੱਚ ਜਵਾਬ ਦਿੱਤਾ।

ਉਨ੍ਹਾਂ ਕਿਹਾ, “ਮੇਰੇ ਪਿਤਾ ਕਿਸੇ ਪੁਲ ਜਾਂ ਪੁਲੀ ਤੋਂ ਕਿਤੇ ਵੱਡੇ ਸਨ। ਉਨ੍ਹਾਂ ਦੇ ਯੋਗਦਾਨ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਸਰਕਾਰੀ ਸਮਾਗਮ ਕਰਵਾਉਣ ਵਰਗੇ ਸਰਕਾਰੀ ਫ਼ੈਸਲਿਆਂ ਰਾਹੀਂ ਸਵੀਕਾਰ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਹੋਰ ਸਨਮਾਨ ਵੀ ਮਿਲ ਸਕਦੇ ਹਨ।”

NO COMMENTS

LEAVE A REPLY

Please enter your comment!
Please enter your name here

Exit mobile version