ਪਟਿਆਲਾ: ਪੰਜਾਬ ਦੇ 6,000 ਕਰੋੜ ਰੁਪਏ ਦੇ ਹਾਈ-ਪ੍ਰੋਫਾਈਲ ਨਸ਼ਾ ਤਸਕਰੀ ਮਾਮਲੇ ਦੇ ਸਬੰਧ ਵਿੱਚ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਵਿਸ਼ੇਸ਼ ਜਾਂਚ ਟੀਮ (SIT) ਦੇ ਸਾਹਮਣੇ ਪੇਸ਼ ਨਹੀਂ ਹੋਏ। ਮਜੀਠੀਆ ਦੇ ਵਕੀਲ, ਅਰਸ਼ਦੀਪ ਸਿੰਘ ਕਲੇਰ, ਅੱਜ ਸਵੇਰੇ SIT ਨੂੰ ਮਿਲਣ ਲਈ ਪਟਿਆਲਾ ਪੁਲਿਸ ਲਾਈਨਜ਼ ਪਹੁੰਚੇ ਸਨ। ਹਾਲਾਂਕਿ ਮਜੀਠੀਆ ਨੂੰ 5 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ, ਪਰ ਸਿਰਫ਼ ਉਨ੍ਹਾਂ ਦੇ ਵਕੀਲ ਹੀ ਪਹੁੰਚੇ। ਇਹ ਵੀ ਖ਼ਬਰ ਹੈ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਜਗਦੀਸ਼ ਭੋਲਾ ਵੀ SIT ਦੇ ਸਾਹਮਣੇ ਪੇਸ਼ ਨਹੀਂ ਹੋਏ। ਦੱਸਿਆ ਜਾ ਰਿਹਾ ਹੈ ਕਿ SIT ਦੋਵਾਂ ਵਿਅਕਤੀਆਂ ਤੋਂ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਸੀ।
ਪੜ੍ਹੋ ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ 2013 ਵਿੱਚ, ਪੰਜਾਬ ਪੁਲਿਸ ਨੇ 6,000 ਕਰੋੜ ਰੁਪਏ ਦੇ ਕਥਿਤ ਸਿੰਥੈਟਿਕ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਸੀ। ਜਾਂਚ ਦੌਰਾਨ ਨਸ਼ੀਲੇ ਪਦਾਰਥਾਂ ਦੇ ਨਾਲ-ਨਾਲ ਹਥਿਆਰ ਅਤੇ ਵਿਦੇਸ਼ੀ ਕਰੰਸੀ ਵੀ ਬਰਾਮਦ ਹੋਈ ਸੀ। ਇਸ ਮਾਮਲੇ ਵਿੱਚ ਸਾਬਕਾ ਅੰਤਰਰਾਸ਼ਟਰੀ ਪਹਿਲਵਾਨ ਅਤੇ ਪੰਜਾਬ ਪੁਲਿਸ ਦੇ ਸਾਬਕਾ ਡੀ.ਐਸ.ਪੀ. ਜਗਦੀਸ਼ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਦੌਰਾਨ ਭੋਲਾ ਵੱਲੋਂ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਏ ਜਾਣ ਤੋਂ ਬਾਅਦ ਇਹ ਮਾਮਲਾ ਪੰਜਾਬ ਵਿੱਚ ਸਿਆਸੀ ਚਰਚਾ ਦਾ ਵੱਡਾ ਵਿਸ਼ਾ ਬਣ ਗਿਆ ਸੀ। ਹੁਣ ਸ਼ੀਠ ਦੋਵਾਂ ਤੋਂ ਪੁੱਛਗਿੱਛ ਕਰੇਗੀ।










