Home ਪੰਜਾਬ ਅੰਮ੍ਰਿਤਸਰ ‘ਚ ਕਤਲ ਦੀ ਵੱਡੀ ਵਾਰਦਾਤ, 40 ਸਾਲਾ ਵਿਅਕਤੀ ਦਾ ਬੇਰਹਿਮੀ ਨਾਲ...

ਅੰਮ੍ਰਿਤਸਰ ‘ਚ ਕਤਲ ਦੀ ਵੱਡੀ ਵਾਰਦਾਤ, 40 ਸਾਲਾ ਵਿਅਕਤੀ ਦਾ ਬੇਰਹਿਮੀ ਨਾਲ ਕਤਲ..

0

ਅੰਮ੍ਰਿਤਸਰ ਦੇ ਗੇਟ ਹਕੀਮਾਂ ਥਾਣਾ ਖੇਤਰ ਵਿੱਚ ਇੱਕ 40 ਸਾਲਾ ਵਿਅਕਤੀ ਦੀ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ। ਪਰਿਵਾਰ ਦਾ ਦੋਸ਼ ਹੈ ਕਿ ਸੰਦੀਪ ਸਿੰਘ ਨੂੰ ਘਰੋਂ ਬੁਲਾ ਕੇ ਲਿਜਾਇਆ ਗਿਆ ਅਤੇ ਬਾਅਦ ਵਿੱਚ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੀ ਭੈਣ ਬਲਜੀਤ ਕੌਰ ਨੇ ਦੱਸਿਆ ਕਿ ਸੰਦੀਪ ਸਿੰਘ ਦੇ ਪਿਤਾ ਨੇ ਉਨ੍ਹਾਂ ਨੂੰ ਆਪਣੀ ਧੀ ਵਜੋਂ ਮੰਨਿਆ ਹੋਇਆ ਸੀ, ਜਿਸ ਕਾਰਨ ਸੰਦੀਪ ਸਿੰਘ ਨਾਲ ਉਨ੍ਹਾਂ ਦਾ ਭੈਣ-ਭਰਾ ਵਰਗਾ ਰਿਸ਼ਤਾ ਸੀ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਕੁਝ ਸਮਾਂ ਪਹਿਲਾਂ ਸੰਦੀਪ ਉਨ੍ਹਾਂ ਦੇ ਘਰ ਦੇ ਕੋਲੋਂ ਲੰਘ ਕੇ ਗਿਆ ਸੀ। ਇਸ ਤੋਂ ਕੁਝ ਸਮੇਂ ਬਾਅਦ ਪਰਿਵਾਰ ਨੂੰ ਜਾਣਕਾਰੀ ਮਿਲੀ ਕਿ ਸੰਦੀਪ ਨਾਲ ਕੁੱਟਮਾਰ ਹੋਈ ਹੈ ਅਤੇ ਉਸ ਦੀ ਹਾਲਤ ਬਹੁਤ ਗੰਭੀਰ ਹੈ।
ਬਲਜੀਤ ਕੌਰ ਦੇ ਅਨੁਸਾਰ, ਸੰਦੀਪ ਦੇ ਨਾਲ ਇੱਕ ਨੌਜਵਾਨ ਵੀ ਸੀ, ਜੋ ਪਹਿਲਾਂ ਵੀ ਉਸ ਦੇ ਨਾਲ ਉੱਠਦਾ-ਬੈਠਦਾ ਸੀ।ਪਰਿਵਾਰ ਨੇ ਮੰਗ ਕੀਤੀ ਹੈ ਕਿ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾਵੇ, ਤਾਂ ਜੋ ਪਤਾ ਲੱਗ ਸਕੇ ਕਿ ਸੰਦੀਪ ਦੇ ਨਾਲ ਕੌਣ-ਕੌਣ ਲੋਕ ਸਨ ਅਤੇ ਉਸ ਨੂੰ ਕਿੱਥੇ ਲਿਜਾਇਆ ਗਿਆ।
ਪਰਿਵਾਰ ਨੇ ਦੋਸ਼ ਲਗਾਇਆ ਕਿ ਸੰਦੀਪ ’ਤੇ ਕਰੀਬ 15 ਤੋਂ 16 ਵਿਅਕਤੀਆਂ ਨੇ ਹਮਲਾ ਕੀਤਾ। ਉਸ ਦੇ ਸਿਰ ਅਤੇ ਸਰੀਰ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ ਅਤੇ ਕਾਫ਼ੀ ਖੂਨ ਵਹਿ ਰਿਹਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ, ਉਸ ਨੂੰ ਵਾਹਨ ਰਾਹੀਂ ਹਸਪਤਾਲ ਲਿਆਂਦਾ ਗਿਆ, ਪਰ ਹਸਪਤਾਲ ਪਹੁੰਚਣ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਨੇ ਪੁਲਿਸ ਤੋਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਸਬੰਧੀ ਥਾਣਾ ਗੇਟ ਹਕੀਮਾਂ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਦੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ, ਪਰ ਹਸਪਤਾਲ ਪਹੁੰਚਣ ਤੋਂ ਬਾਅਦ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ।ਪੁਲਿਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ, ਪਰ ਇਸ ਦੀ ਪੁਸ਼ਟੀ ਮੈਡੀਕਲ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਹੋਵੇਗੀ। ਪੁਲਿਸ ਨੇ ਕਿਹਾ ਕਿ ਪਰਿਵਾਰ ਅਤੇ ਹੋਰ ਲੋਕਾਂ ਦੇ ਬਿਆਨਾਂ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ।ਫਿਲਹਾਲ ਪੁਲਿਸ ਕਤਲ ਦੇ ਕਾਰਨਾ, ਹਮਲਾਵਰਾਂ ਦੀ ਗਿਣਤੀ ਅਤੇ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਦੋਸ਼ੀਆਂ ਨੂੰ ਕਾਬੂ ਕਰਕੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version