ਬੈਲਜੀਅਮ: ਫੁੱਟਬਾਲ ਵਿਸ਼ਵ ਕੱਪ 2026 ਦੇ ਨਾਕਆਊਟ ਪੜਾਅ ਵਿੱਚ ਵੀਰਵਾਰ ਨੂੰ ਪ੍ਰਸ਼ੰਸਕਾਂ ਨੂੰ ਇੱਕ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ, ਜਿੱਥੇ ਬੈਲਜੀਅਮ ਨੇ ਸ਼ਾਨਦਾਰ ਵਾਪਸੀ ਕਰਦਿਆਂ ਸੇਨੇਗਲ ਨੂੰ 3-2 ਨਾਲ ਹਰਾ ਦਿੱਤਾ। ਇੱਕ ਸਮੇਂ ਬੈਲਜੀਅਮ 86ਵੇਂ ਮਿੰਟ ਤੱਕ ਦੋ ਗੋਲਾਂ ਨਾਲ ਪਿੱਛੇ ਸੀ, ਪਰ ਟੀਮ ਨੇ ਆਖ਼ਰੀ ਪਲਾਂ ਵਿੱਚ ਮੈਚ ਦਾ ਰੁਖ ਹੀ ਬਦਲ ਦਿੱਤਾ।
ਸਿਆਟਲ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਸੇਨੇਗਲ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ ਅਤੇ 2-0 ਦੀ ਮਜ਼ਬੂਤ ਬੜ੍ਹਤ ਹਾਸਲ ਕਰ ਲਈ। ਮੈਚ ਦੇ ਅਖੀਰਲੇ ਮਿੰਟਾਂ ਤੱਕ ਲੱਗ ਰਿਹਾ ਸੀ ਕਿ ਸੇਨੇਗਲ ਆਸਾਨੀ ਨਾਲ ਜਿੱਤ ਦਰਜ ਕਰ ਲਵੇਗਾ, ਪਰ ਬੈਲਜੀਅਮ ਦੇ ਖਿਡਾਰੀਆਂ ਨੇ ਹਾਰ ਨਹੀਂ ਮੰਨੀ।
86ਵੇਂ ਮਿੰਟ ਵਿੱਚ ਰੋਮੇਲੂ ਲੁਕਾਕੂ ਨੇ ਬੈਲਜੀਅਮ ਲਈ ਪਹਿਲਾ ਗੋਲ ਕਰਕੇ ਉਮੀਦਾਂ ਜਗਾਈਆਂ। ਇਸ ਤੋਂ ਬਾਅਦ 89ਵੇਂ ਮਿੰਟ ਵਿੱਚ ਯੂਰੀ ਟੀਲੇਮੈਨਸ ਨੇ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਵਾਧੂ ਸਮੇਂ ਵਿੱਚ ਮੈਚ ਹੋਰ ਵੀ ਰੋਮਾਂਚਕ ਹੋ ਗਿਆ ਅਤੇ 125ਵੇਂ ਮਿੰਟ ਵਿੱਚ ਟਾਈਲੇਮੈਨਸ ਨੇ ਵਿਵਾਦਪੂਰਨ ਪੈਨਲਟੀ ਨੂੰ ਗੋਲ ਵਿੱਚ ਬਦਲ ਕੇ ਬੈਲਜੀਅਮ ਨੂੰ 3-2 ਦੀ ਯਾਦਗਾਰ ਜਿੱਤ ਦਿਵਾਈ।
ਇਸ ਜਿੱਤ ਨਾਲ ਬੈਲਜੀਅਮ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਉਹ ਵੱਡੇ ਮੰਚ ’ਤੇ ਦਬਾਅ ਹੇਠ ਵੀ ਵਾਪਸੀ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਤੋਂ ਪਹਿਲਾਂ ਵੀ ਟੀਮ 2018 ਵਿਸ਼ਵ ਕੱਪ ਵਿੱਚ 0-2 ਦੇ ਘਾਟੇ ਤੋਂ ਵਾਪਸ ਆ ਕੇ ਜਾਪਾਨ ਨੂੰ 3-2 ਨਾਲ ਹਰਾਉਣ ਵਿੱਚ ਕਾਮਯਾਬ ਰਹੀ ਸੀ।
ਦੂਜੇ ਪਾਸੇ, ਮੇਜ਼ਬਾਨ ਸੰਯੁਕਤ ਰਾਜ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੋਸਨੀਆ ਅਤੇ ਹਰਜ਼ੇਗੋਵਿਨਾ ਨੂੰ 2-0 ਨਾਲ ਹਰਾ ਕੇ ਆਖ਼ਰੀ-16 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ।
ਸੈਨ ਫਰਾਂਸਿਸਕੋ ਬੇ ਏਰੀਆ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਫੋਲਾਰਿਨ ਬਾਲੋਗੁਨ ਨੇ 45ਵੇਂ ਮਿੰਟ ਵਿੱਚ ਗੋਲ ਕਰਕੇ ਅਮਰੀਕਾ ਨੂੰ ਬੜ੍ਹਤ ਦਿਵਾਈ। ਹਾਲਾਂਕਿ 64ਵੇਂ ਮਿੰਟ ਵਿੱਚ ਉਸਨੂੰ ਲਾਲ ਕਾਰਡ ਦਿਖਾਇਆ ਗਿਆ, ਪਰ ਟੀਮ ਨੇ ਦਬਾਅ ਦੇ ਬਾਵਜੂਦ ਮਜ਼ਬੂਤੀ ਨਾਲ ਖੇਡ ਜਾਰੀ ਰੱਖੀ। 82ਵੇਂ ਮਿੰਟ ਵਿੱਚ ਮਾਲਿਕ ਟਿਲਮੈਨ ਨੇ ਦੂਜਾ ਗੋਲ ਕਰਕੇ ਅਮਰੀਕਾ ਦੀ ਜਿੱਤ ਪੱਕੀ ਕਰ ਦਿੱਤੀ।
ਹੁਣ ਟੂਰਨਾਮੈਂਟ ਦੇ ਅਗਲੇ ਦੌਰ ਵਿੱਚ ਬੈਲਜੀਅਮ ਅਤੇ ਅਮਰੀਕਾ ਆਹਮੋ-ਸਾਹਮਣੇ ਹੋਣਗੇ। ਦੋਵਾਂ ਟੀਮਾਂ ਦੀ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਇਹ ਮੁਕਾਬਲਾ ਵਿਸ਼ਵ ਕੱਪ ਦੇ ਸਭ ਤੋਂ ਦਿਲਚਸਪ ਮੈਚਾਂ ਵਿੱਚੋਂ ਇੱਕ ਹੋ ਸਕਦਾ ਹੈ।












