ਨਵੀਂ ਦਿੱਲੀ: ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਦੁਆਰਾ 28 ਤੋਂ 30 ਸਤੰਬਰ 2026 ਤੱਕ ਪ੍ਰਸਤਾਵਿਤ ਤਿੰਨ-ਦਿਨਾਂ ਦੇਸ਼-ਵਿਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ ਸਰਕਾਰ ਨੇ ਨਾਗਰਿਕਾਂ ਦੀਆਂ ਬੈਂਕਿੰਗ ਜ਼ਰੂਰਤਾਂ ਦੀ ਰੱਖਿਆ ਲਈ ਵਿਸ਼ੇਸ਼ ਕਦਮ ਚੁੱਕੇ ਹਨ ਕਿਉਂਕਿ ਇਸ ਹੜਤਾਲ ਦੇ ਨਾਲ 26 ਅਤੇ 27 ਸਤੰਬਰ ਦੀਆਂ ਹਫਤਾਵਾਰੀ ਛੁੱਟੀਆਂ ਦੇ ਨਾਲ ਜੁੜ ਜਾਂਦੀਆਂ ਹਨ।
ਇਹ ਯਕੀਨੀ ਬਣਾਉਣ ਲਈ ਕਿ ਜਨਤਾ ਦੀਆਂ ਅਸਲ ਬੈਂਕਿੰਗ ਜ਼ਰੂਰਤਾਂ ‘ਤੇ ਲੰਬੇ ਸਮੇਂ ਤੱਕ ਪ੍ਰਤੀਕੂਲ ਪ੍ਰਭਾਵ ਨਾ ਪਵੇ, ਸਾਰੇ ਜਨਤਕ ਖੇਤਰ ਦੇ ਬੈਂਕ ਅਤੇ ਖੇਤਰੀ ਗ੍ਰਾਮੀਣ ਬੈਂਕ ਐਤਵਾਰ, 27 ਸਤੰਬਰ 2026 ਨੂੰ ਆਮ ਵਾਂਗ ਹੀ ਕੰਮ ਕਰਨਗੇ। ਭਾਰਤੀ ਰਿਜ਼ਰਵ ਬੈਂਕ ਨੇ ਸਾਰੀਆਂ ਬੈਂਕ ਸ਼ਾਖਾਵਾਂ, ਦਫ਼ਤਰਾਂ, ਏਟੀਐੱਮ (ATM) ਨਾਲ ਜੁੜੀਆਂ ਸ਼ਾਖਾਵਾਂ ਅਤੇ ਕਰੰਸੀ ਚੈਸਟਾਂ (currency chests) ਨੂੰ 27 ਸਤੰਬਰ 2026 ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਵਿਭਾਗ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਬੈਂਕ ਗਾਹਕਾਂ ਦੀ ਭਲਾਈ ਅਤੇ ਸਹੂਲਤ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਸਰਕਾਰ ਅਤੇ ਬੈਂਕ ਪ੍ਰਬੰਧਨ ਨੇ ਯੂਨੀਅਨਾਂ ਨੂੰ ਪ੍ਰਸਤਾਵਿਤ ਹੜਤਾਲ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ ਅਤੇ ਲਾਜ਼ਮੀ ਬੈਂਕਿੰਗ ਸੇਵਾਵਾਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਉਪਾਅ ਵੀ ਲਾਗੂ ਕੀਤੇ ਹਨ।












