Homeਸੰਸਾਰਪੜ੍ਹਾਈ ਦੌਰਾਨ ਫੋਨ ਦੀ ਵਰਤੋਂ 'ਤੇ ਰੋਕ, ਸਰਕਾਰ ਨੇ ਲਾਗੂ ਕੀਤੇ ਨਵੇਂ...

ਪੜ੍ਹਾਈ ਦੌਰਾਨ ਫੋਨ ਦੀ ਵਰਤੋਂ ‘ਤੇ ਰੋਕ, ਸਰਕਾਰ ਨੇ ਲਾਗੂ ਕੀਤੇ ਨਵੇਂ ਨਿਯਮ

ਮੈਕਸੀਕੋ ਸਿਟੀ: ਬੱਚਿਆਂ ਦੀ ਪੜ੍ਹਾਈ ਅਤੇ ਮਾਨਸਿਕ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਮੈਕਸੀਕੋ ਸਰਕਾਰ ਨੇ ਸਕੂਲਾਂ ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਲੈ ਕੇ ਨਵਾਂ ਨਿਯਮ ਲਾਗੂ ਕੀਤਾ ਹੈ। ਇਸ ਤਹਿਤ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿੱਚ ਕਲਾਸਾਂ ਦੌਰਾਨ ਵਿਦਿਆਰਥੀ ਮੋਬਾਈਲ ਫੋਨ ਅਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਨਹੀਂ ਕਰ ਸਕਣਗੇ।

ਰਾਸ਼ਟਰਪਤੀ ਕਲਾਊਡੀਆ ਸ਼ੀਨਬੌਮ ਦੀ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦਾ ਮੁੱਖ ਉਦੇਸ਼ ਬੱਚਿਆਂ ਨੂੰ ਮੋਬਾਈਲ ਦੀ ਵਧਦੀ ਵਰਤੋਂ, ਸੋਸ਼ਲ ਮੀਡੀਆ ਦੀ ਲਤ ਅਤੇ ਮਾਨਸਿਕ ਪ੍ਰੇਸ਼ਾਨੀਆਂ ਤੋਂ ਬਚਾਉਣਾ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਵਿਦਿਆਰਥੀਆਂ ਦਾ ਧਿਆਨ ਪੜ੍ਹਾਈ ਵੱਲ ਵਧੇਗਾ।

ਡਿਜੀਟਲ ਲਤ ਤੋਂ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼

ਮੈਕਸੀਕੋ ਦੇ ਸਿੱਖਿਆ ਮੰਤਰੀ ਮਾਰੀਓ ਡੇਲਗਾਡੋ ਨੇ ਕਿਹਾ ਕਿ ਸਰਕਾਰ ਬੱਚਿਆਂ ਅਤੇ ਕਿਸ਼ੋਰਾਂ ਨੂੰ ਸੋਸ਼ਲ ਮੀਡੀਆ ਅਤੇ ਡਿਜੀਟਲ ਪਲੇਟਫਾਰਮਾਂ ਦੀ ਵਧਦੀ ਨਿਰਭਰਤਾ ਤੋਂ ਬਚਾਉਣਾ ਚਾਹੁੰਦੀ ਹੈ। ਇਸ ਪਹਿਲ ਨੂੰ ਸਿੱਖਿਆ ਅਤੇ ਵਾਤਾਵਰਣ ਮਾਹਿਰਾਂ ਦਾ ਵੀ ਸਮਰਥਨ ਮਿਲਿਆ ਹੈ।

ਮਾਹਿਰਾਂ ਅਨੁਸਾਰ ਮੋਬਾਈਲ ਫੋਨਾਂ ਦੀ ਲਗਾਤਾਰ ਵਰਤੋਂ ਕਾਰਨ ਬੱਚਿਆਂ ਵਿੱਚ ਚਿੰਤਾ, ਤਣਾਅ ਅਤੇ ਇਕਾਗਰਤਾ ਦੀ ਕਮੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਇਨ੍ਹਾਂ ਹਾਲਾਤਾਂ ਵਿੱਚ ਮਿਲੇਗੀ ਮੋਬਾਈਲ ਵਰਤਣ ਦੀ ਛੋਟ

ਨਵੇਂ ਨਿਯਮਾਂ ਤਹਿਤ ਸਕੂਲ ਦੇ ਸਮੇਂ ਦੌਰਾਨ ਮੋਬਾਈਲ ਦੀ ਆਮ ਵਰਤੋਂ ‘ਤੇ ਰੋਕ ਰਹੇਗੀ। ਹਾਲਾਂਕਿ ਕੁਝ ਵਿਸ਼ੇਸ਼ ਹਾਲਾਤਾਂ ਵਿੱਚ ਵਿਦਿਆਰਥੀਆਂ ਨੂੰ ਛੋਟ ਦਿੱਤੀ ਗਈ ਹੈ।

  • ਅਧਿਆਪਕ ਦੀ ਨਿਗਰਾਨੀ ਹੇਠ ਪੜ੍ਹਾਈ ਲਈ।

  • ਕਿਸੇ ਐਮਰਜੈਂਸੀ ਦੀ ਸਥਿਤੀ ਵਿੱਚ।

  • ਸਿਹਤ ਸਬੰਧੀ ਜ਼ਰੂਰਤਾਂ ਲਈ।

  • ਦਿਵਿਆਂਗ ਵਿਦਿਆਰਥੀਆਂ ਦੀਆਂ ਵਿਸ਼ੇਸ਼ ਲੋੜਾਂ ਲਈ।

ਇਸ ਤੋਂ ਇਲਾਵਾ ਬੱਚਿਆਂ ਨੂੰ ਸਕੂਲ ਆਉਣ ਅਤੇ ਵਾਪਸ ਜਾਣ ਸਮੇਂ ਆਪਣੇ ਕੋਲ ਮੋਬਾਈਲ ਰੱਖਣ ਦੀ ਇਜਾਜ਼ਤ ਹੋਵੇਗੀ।

ਮਾਪਿਆਂ ਨੇ ਵੀ ਜਤਾਈ ਚਿੰਤਾ

ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਕੁਝ ਮਾਪਿਆਂ ਵਿੱਚ ਚਿੰਤਾ ਵੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਕਸੀਕੋ ਵਿੱਚ ਹਿੰਸਾ ਅਤੇ ਸੰਗਠਿਤ ਅਪਰਾਧ ਦੀਆਂ ਘਟਨਾਵਾਂ ਕਾਰਨ ਬੱਚਿਆਂ ਨਾਲ ਐਮਰਜੈਂਸੀ ਸਮੇਂ ਸੰਪਰਕ ਬਣਾਈ ਰੱਖਣਾ ਜ਼ਰੂਰੀ ਹੈ।

ਬਾਲ ਅਧਿਕਾਰ ਸੰਗਠਨ REDIM ਦੇ ਅੰਕੜਿਆਂ ਮੁਤਾਬਕ, ਇਸ ਸਾਲ ਦੀ ਪਹਿਲੀ ਛਿਮਾਹੀ ਦੌਰਾਨ 17 ਸਾਲ ਤੱਕ ਦੀ ਉਮਰ ਦੇ ਹਰ 10 ਵਿੱਚੋਂ ਇੱਕ ਬੱਚੇ ਨੂੰ ਸੰਗਠਿਤ ਅਪਰਾਧ ਨਾਲ ਜੁੜੀ ਘਟਨਾ ਦਾ ਸਾਹਮਣਾ ਕਰਨਾ ਪਿਆ।

ਸੋਸ਼ਲ ਮੀਡੀਆ ਕੰਪਨੀਆਂ ਲਈ ਵੀ ਨਵੇਂ ਨਿਯਮ

ਸਕੂਲਾਂ ਵਿੱਚ ਮੋਬਾਈਲ ਦੀ ਵਰਤੋਂ ‘ਤੇ ਪਾਬੰਦੀ ਤੋਂ ਇਲਾਵਾ ਮੈਕਸੀਕੋ ਸਰਕਾਰ ਡਿਜੀਟਲ ਪਲੇਟਫਾਰਮਾਂ ਲਈ ਵੀ ਨਿਯਮ ਸਖ਼ਤ ਕਰ ਰਹੀ ਹੈ। ਇਸ ਤਹਿਤ ਸੋਸ਼ਲ ਮੀਡੀਆ ਕੰਪਨੀਆਂ ਨੂੰ ਨਫ਼ਰਤ ਫੈਲਾਉਣ ਵਾਲੀ ਸਮੱਗਰੀ, ਸਾਈਬਰ ਬੁਲਿੰਗ, ਉਤਪੀੜਨ ਅਤੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਪੋਸਟਾਂ ਨੂੰ ਤੁਰੰਤ ਹਟਾਉਣਾ ਪਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments