ਚੇਨਈ: ਤਾਮਿਲਨਾਡੂ ਦੇ ਮੁੱਖ ਮੰਤਰੀ ਸੀ.ਜੋਸੇਫ ਵਿਜੇ ਭਲਕੇ ‘ਥਿਮਾਮਨ ਥੰਗਾ ਮੋਥੀਰਾਮ ਥਿੱਤਮ’ ਨਾਂ ਦੀ ਕਲਿਆਣਕਾਰੀ ਯੋਜਨਾ ਸ਼ੁਰੂ ਕਰਨਗੇ, ਜਿਸ ਦੇ ਤਹਿਤ ਸਰਕਾਰੀ ਹਸਪਤਾਲਾਂ ‘ਚ ਜਨਮ ਲੈਣ ਵਾਲੇ ਬੱਚਿਆਂ ਨੂੰ ਇਕ ਗ੍ਰਾਮ ਸੋਨੇ ਦੀ ਅੰਗੂਠੀ ਦਿੱਤੀ ਜਾਵੇਗੀ। ਸੂਤਰਾਂ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਇਸ ਯੋਜਨਾ ਦੀ ਸ਼ੁਰੂਆਤ ਮਦੁਰੈ ਦੇ ਸਰਕਾਰੀ ਰਾਜਾਜੀ ਹਸਪਤਾਲ ‘ਚ ਕਰਨਗੇ।
ਵਿਸ਼ੇਸ਼ ੳੇੁਡਾਣ ਵਿੱਚ ਪਹੁੰਚਣ ਵਾਲੇ ਵਿਜੇ ਜੀ.ਆਰ.ਐਚ. ਦੇ ਆਡੀਟੋਰੀਅਮ ਵਿੱਚ ਇਸ ਯੋਜਨਾ ਦੀ ਸ਼ੁਰੂਆਤ ਕਰਨਗੇ ਅਤੇ 25 ਨਵਜੰਮੇ ਬੱਚਿਆਂ ਨੂੰ ਸੋਨੇ ਦੀਆਂ ਅੰਗੂਠੀਆਂ ਪ੍ਰਦਾਨ ਕਰਨਗੇ। ਉਹ ਜਣੇਪਾ ਵਾਰਡ ਦਾ ਵੀ ਦੌਰਾ ਕਰਨਗੇ ਅਤੇ ਉਸ ਦਿਨ ਪੈਦਾ ਹੋਏ ਬੱਚਿਆਂ ਨੂੰ ਨਿੱਜੀ ਤੌਰ ‘ਤੇ ਅੰਗੂਠੀਆਂ ਦੇਣਗੇ। ਇਸ ਸਕੀਮ ਲਈ ਨਵਜੰਮੇ ਬੱਚਿਆਂ ਦੀਆਂ ਮਾਵਾਂ ਤਾਮਿਲਨਾਡੂ ਦੀ ਸਥਾਈ ਨਿਵਾਸੀ ਹੋਣੀਆਂ ਚਾਹੀਦੀਆਂ ਹਨ। ਇਹ ਸਕੀਮ ਅਸਲ ਵਿੱਚ ਮਰਹੂਮ ਮੁੱਖ ਮੰਤਰੀ ਸੀ.ਐਨ. ਅੰਨਾਦੁਰਾਈ ਦੇ ਜਨਮਦਿਨ ‘ਤੇ 15 ਸਤੰਬਰ ਨੂੰ ਲਾਂਚ ਕੀਤਾ ਜਾਣਾ ਸੀ ਪਰ ਵਿਜੇ ਦੇ ਲੰਡਨ ਦੌਰੇ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
‘ਮਾਮਾ ਜੀ ਵੱਲੋਂ ‘ਸੋਨੇ ਦੀ ਅੰਗੂਠੀ’ ਸਕੀਮ ਤਹਿਤ ਸਰਕਾਰੀ ਹਸਪਤਾਲ ਵਿੱਚ ਜਨਮੇ ਹਰ ਯੋਗ ਨਵਜੰਮੇ ਬੱਚੇ ਨੂੰ 22 ਕੈਰੇਟ ਸੋਨੇ ਦੀ ਇੱਕ ਗ੍ਰਾਮ ਦੀ ਅੰਗੂਠੀ ਦਿੱਤੀ ਜਾਵੇਗੀ। ਸੂਬਾ ਸਰਕਾਰ ਨੇ ਇਸ ਸਕੀਮ ਲਈ ਸਾਲਾਨਾ 755.83 ਕਰੋੜ ਰੁਪਏ ਦਾ ਉਪਬੰਧ ਕੀਤਾ ਹੈ। ਪਹਿਲੇ ਪੜਾਅ ਵਿੱਚ 1.28 ਲੱਖ ਸੋਨੇ ਦੀਆਂ ਅੰਗੂਠੀਆਂ ਤਿਆਰ ਕੀਤੀਆਂ ਗਈਆਂ ਹਨ।
