ਓਮਾਨ: ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਦਰਮਿਆਨ ਸਮੁੰਦਰੀ ਰਸਤੇ ਤੋਂ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਓਮਾਨ ਦੇ ਤਟ ਦੇ ਨੇੜੇ ਭਾਰਤੀ ਕਮਰਸ਼ੀਅਲ ਜਹਾਜ਼ MT El Gaia ਨੂੰ ਨਿਸ਼ਾਨਾ ਬਣਾਏ ਜਾਣ ਦੀ ਘਟਨਾ ਵਾਪਰੀ ਹੈ। ਹਮਲੇ ਸਮੇਂ ਜਹਾਜ਼ ’ਤੇ ਕੁੱਲ 14 ਕਰੂ ਮੈਂਬਰ ਸਵਾਰ ਸਨ ਅਤੇ ਸਾਰੇ ਭਾਰਤੀ ਨਾਗਰਿਕ ਦੱਸੇ ਜਾ ਰਹੇ ਹਨ।
ਘਟਨਾ ਤੋਂ ਬਾਅਦ ਚਲਾਏ ਗਏ ਰੈਸਕਿਊ ਆਪਰੇਸ਼ਨ ਦੌਰਾਨ 13 ਕਰੂ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦਕਿ ਇੱਕ ਭਾਰਤੀ ਨਾਗਰਿਕ ਅਜੇ ਵੀ ਲਾਪਤਾ ਹੈ। ਉਸ ਦੀ ਭਾਲ ਲਈ ਸਰਚ ਆਪਰੇਸ਼ਨ ਜਾਰੀ ਹੈ।
ਭਾਰਤ ਨੇ ਜਤਾਇਆ ਸਖ਼ਤ ਵਿਰੋਧ
ਭਾਰਤੀ ਵਿਦੇਸ਼ ਮੰਤਰਾਲੇ ਨੇ ਓਮਾਨ ਦੇ ਤਟ ਨੇੜੇ ਵਪਾਰਕ ਜਹਾਜ਼ ’ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਮੰਤਰਾਲੇ ਨੇ ਪੱਛਮੀ ਏਸ਼ੀਆ ਵਿੱਚ ਤਣਾਅ ਨੂੰ ਤੁਰੰਤ ਘਟਾਉਣ ਅਤੇ ਗੱਲਬਾਤ ਤੇ ਕੂਟਨੀਤੀ ਰਾਹੀਂ ਸ਼ਾਂਤੀ ਬਣਾਉਣ ਦੀ ਅਪੀਲ ਕੀਤੀ ਹੈ।
ਵਿਦੇਸ਼ ਮੰਤਰਾਲੇ ਮੁਤਾਬਕ, ਓਮਾਨ ਸਥਿਤ ਭਾਰਤੀ ਦੂਤਾਵਾਸ ਪੂਰੇ ਮਾਮਲੇ ’ਤੇ ਨਜ਼ਦੀਕੀ ਨਜ਼ਰ ਰੱਖ ਰਿਹਾ ਹੈ ਅਤੇ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਰੈਸਕਿਊ ਆਪਰੇਸ਼ਨ ਵਿੱਚ ਸਹਿਯੋਗ ਲਈ ਭਾਰਤ ਨੇ ਓਮਾਨ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ ਹੈ।
ਸੁਰੱਖਿਅਤ ਸਮੁੰਦਰੀ ਆਵਾਜਾਈ ਬਹਾਲ ਕਰਨ ਦੀ ਅਪੀਲ
ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਵਪਾਰਕ ਜਹਾਜ਼ਾਂ, ਸਮੁੰਦਰੀ ਕਰਮਚਾਰੀਆਂ, ਆਮ ਨਾਗਰਿਕਾਂ ਅਤੇ ਸਿਵਿਲੀਅਨ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਕਬੂਲਯੋਗ ਨਹੀਂ ਹੈ। ਭਾਰਤ ਨੇ ਅੰਤਰਰਾਸ਼ਟਰੀ ਸਮੁੰਦਰੀ ਰਸਤਿਆਂ ’ਤੇ ਸੁਰੱਖਿਅਤ ਅਤੇ ਆਜ਼ਾਦ ਆਵਾਜਾਈ ਤੇ ਵਪਾਰ ਨੂੰ ਜਲਦ ਬਹਾਲ ਕਰਨ ਦੀ ਵੀ ਅਪੀਲ ਕੀਤੀ ਹੈ।
BRICS ਸੰਮੇਲਨ ਦੌਰਾਨ ਵੀ ਉੱਠਿਆ ਸੀ ਸੇਫ ਸੀ ਰੂਟ ਦਾ ਮੁੱਦਾ
ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਨਵੀਂ ਦਿੱਲੀ ਵਿੱਚ BRICS ਸੰਮੇਲਨ ਦੌਰਾਨ ਸਮੁੰਦਰੀ ਸੁਰੱਖਿਆ ਅਤੇ ਮਲਾਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੁਰੱਖਿਅਤ ਸਮੁੰਦਰੀ ਰਸਤਿਆਂ ਦੀ ਲੋੜ ’ਤੇ ਜ਼ੋਰ ਦਿੱਤਾ ਸੀ।
ਉਨ੍ਹਾਂ ਨੇ ਕਿਹਾ ਸੀ ਕਿ ਮਲਾਹ ਵਿਸ਼ਵ ਪੱਧਰੀ ਵਪਾਰ ਨੂੰ ਚਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਇਸ ਲਈ ਸੰਕਟ ਦੇ ਸਮੇਂ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਜ਼ਰੂਰੀ ਹੈ।
ਮਲਾਹਾਂ ਲਈ ਐਮਰਜੈਂਸੀ ਸਪੋਰਟ ਨੈੱਟਵਰਕ ਦਾ ਸੁਝਾਅ
BRICS ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ‘ਸੀਫੇਅਰਰਜ਼ ਐਮਰਜੈਂਸੀ ਸਪੋਰਟ ਨੈੱਟਵਰਕ’ ਬਣਾਉਣ ਦਾ ਸੁਝਾਅ ਵੀ ਦਿੱਤਾ। ਇਸ ਨੈੱਟਵਰਕ ਰਾਹੀਂ ਸਮੁੰਦਰੀ ਅਧਿਕਾਰੀਆਂ ਅਤੇ ਡਿਪਲੋਮੈਟਿਕ ਮਿਸ਼ਨਾਂ ਨੂੰ ਜੋੜ ਕੇ ਸੰਕਟ ਦੀ ਜਾਣਕਾਰੀ, ਮੈਡੀਕਲ ਸਹਾਇਤਾ, ਪਰਿਵਾਰਾਂ ਤੱਕ ਜਾਣਕਾਰੀ ਪਹੁੰਚਾਉਣ ਅਤੇ ਜ਼ਰੂਰਤ ਪੈਣ ’ਤੇ ਰੈਸਕਿਊ ਵਿੱਚ ਮਦਦ ਦੇਣ ਦੀ ਵਿਵਸਥਾ ਕੀਤੀ ਜਾ ਸਕਦੀ ਹੈ।
ਇਸ ਦੌਰਾਨ ਪੱਛਮੀ ਏਸ਼ੀਆ ਤੋਂ ਇੱਕ ਰਾਹਤ ਵਾਲੀ ਖ਼ਬਰ ਵੀ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ, ਈਰਾਨ ਅਤੇ ਓਮਾਨ ਹੋਰਮੁਜ਼ ਜਲਡਮਰੂਮੱਧ ਵਿੱਚ ਦਾਖ਼ਲੇ ਅਤੇ ਬਾਹਰ ਨਿਕਲਣ ਲਈ ਨਵੇਂ ਰੂਟਾਂ ’ਤੇ ਸਹਿਮਤ ਹੋਏ ਹਨ। ਇਹ ਕਦਮ ਖੇਤਰ ਵਿੱਚ ਸਮੁੰਦਰੀ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਵੱਲ ਅਹਿਮ ਮੰਨਿਆ ਜਾ ਰਿਹਾ ਹੈ।












