ਤਿਰੂਵਨੰਤਪੁਰਮ: ਕੇਰਲ ਦੇ ਤਿਰੂਵਨੰਤਪੁਰਮ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਹੈੱਡਕੁਆਰਟਰ ‘ਮਰਾਰਜੀ ਭਵਨ’ ਵਿੱਚ ਕਰੀਬ ਇੱਕ ਮਹੀਨਾ ਪਹਿਲਾਂ ਬੀਅਰ ਦੀਆਂ ਬੋਤਲਾਂ ਸੁੱਟਣ ਦੇ ਦੋਸ਼ ਵਿੱਚ ਦੋ ਕਾਂਗਰਸੀ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਸੁਜੀਤ ਕੁਮਾਰ ਅਤੇ ਅਰੁਣ ਵਜੋਂ ਕੀਤੀ ਹੈ। ਇਹ ਸਥਾਨਕ ਕਾਂਗਰਸ ਇਕਾਈ ਦੇ ਵਰਕਰ ਹਨ। ਪੁਲਿਸ ਨੇ ਕਿਹਾ ਕਿ ਇਹ ਘਟਨਾ ਤਿਰੂਵਨੰਤਪੁਰਮ ਜ਼ਿਲ੍ਹੇ ਵਿੱਚ ਵੱਖ-ਵੱਖ ਸਿਆਸੀ ਸੰਗਠਨਾਂ ਵਿਚਕਾਰ ਕਈ ਝੜਪਾਂ ਤੋਂ ਬਾਅਦ ਵਿਰੋਧੀ ਸਮੂਹਾਂ ਵਿਚਕਾਰ ਤਣਾਅ ਦੇ ਦੌਰਾਨ ਵਾਪਰੀ। ਸਤੰਬਰ ਦੇ ਆਖ਼ਰੀ ਹਫ਼ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਾਫ਼ਲੇ ਨੂੰ ਯੂਥ ਕਾਂਗਰਸ ਵਰਕਰਾਂ ਵੱਲੋਂ ਕਾਲੇ ਝੰਡੇ ਦਿਖਾਏ ਜਾਣ ਤੋਂ ਬਾਅਦ ਤਣਾਅ ਵਧ ਗਿਆ ਸੀ।
ਇਸ ਤੋਂ ਬਾਅਦ ਤਿਰੂਵਨੰਤਪੁਰਮ ‘ਚ ਕਾਂਗਰਸ ਜ਼ਿਲ੍ਹਾ ਕਮੇਟੀ ਦੇ ਦਫ਼ਤਰ ‘ਤੇ ਹਮਲਾ ਕੀਤਾ ਗਿਆ ਸੀ। ਇਸ ਹਮਲੇ ਦੇ ਸਿਲਸਿਲੇ ‘ਚ ਭਾਜਪਾ ਦੇ ਕੁਝ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਰਾਤ ਨੂੰ ਭਾਜਪਾ ਦੇ ਸੂਬਾ ਹੈੱਡਕੁਆਰਟਰ ‘ਤੇ ਬੀਅਰ ਦੀਆਂ ਬੋਤਲਾਂ ਸੁੱਟੀਆਂ ਗਈਆਂ। ਇਸ ਘਟਨਾ ਤੋਂ ਬਾਅਦ ਭਾਜਪਾ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ। ਪੁਲਿਸ ਨੇ ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਅਤੇ ਘਟਨਾ ਵਿੱਚ ਕਥਿਤ ਤੌਰ ‘ਤੇ ਵਰਤੀ ਗਈ ਗੱਡੀ ਨੂੰ ਟਰੇਸ ਕਰਕੇ ਸ਼ੱਕੀਆਂ ਦੀ ਪਛਾਣ ਕੀਤੀ।










