ਝਾਰਖੰਡ: ਝਾਰਖੰਡ ਦੇ ਗਿਰੀਡੀਹ, ਦੁਮਕਾ ਅਤੇ ਲਾਤੇਹਾਰ ਵਿੱਚ ਬੀਤੇ ਦਿਨ ਅਸਮਾਨੀ ਬਿਜਲੀ ਡਿੱਗਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਮੁਤਾਬਕ ਮਰਨ ਵਾਲੇ 14 ਲੋਕਾਂ ‘ਚੋਂ 9 ਗਿਰੀਡੀਹ, ਤਿੰਨ ਦੁਮਕਾ ਅਤੇ ਦੋ ਲਾਤੇਹਾਰ ਦੇ ਰਹਿਣ ਵਾਲੇ ਸਨ।
ਖੋਰਿਮਹੁਆ ਉਪ-ਮੰਡਲ ਪੁਲਿਸ ਅਧਿਕਾਰੀ ਅਮਰਿੰਦਰ ਕੁਮਾਰ ਨੇ ਕਿਹਾ, “ਗਿਰੀਡੀਹ ਜ਼ਿਲ੍ਹੇ ਵਿੱਚ ਮੇਰੀ ਸਬ-ਡਿਵੀਜ਼ਨ ਦੇ ਅਧੀਨ ਤਿੰਨ ਥਾਣਿਆਂ ਦੇ ਖੇਤਰਾਂ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ।” ਉਨ੍ਹਾਂ ਦੱਸਿਆ ਕਿ ਇਨ੍ਹਾਂ ‘ਚੋਂ 5 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਸਿਰਫ ਡਿਉੜੀ ਥਾਣਾ ਖੇਤਰ ‘ਚ ਹੋਏ ਹਨ। ਅਧਿਕਾਰੀ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਇਹ ਲੋਕ ਖੇਡ ਤੋਂ ਬਾਅਦ ਇਕ ਜਗ੍ਹਾ ‘ਤੇ ਬੈਠੇ ਸਨ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਚਾਰ ਵਿਅਕਤੀਆਂ ਦੀ ਉਮਰ 18 ਤੋਂ 20 ਸਾਲ ਦੇ ਦਰਮਿਆਨ ਸੀ। ਅਧਿਕਾਰੀ ਨੇ ਦੱਸਿਆ ਕਿ ਗਵਨ ਅਤੇ ਨੌਡੀਹਾ ਥਾਣਾ ਖੇਤਰ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਗਿਰੀਡੀਹ ਜ਼ਿਲ੍ਹੇ ਦੇ ਬਗੋਦਰ ਥਾਣਾ ਖੇਤਰ ਵਿੱਚ ਵੀ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
3 ਮਾਸੂਮ ਬੱਚਿਆਂ ਦੇ ਸਿਰਾਂ ਤੋਂ ਉਠਿਆ ਮਾਂ ਦਾ ਪਰਛਾਵਾਂ
ਸਭ ਤੋਂ ਦਰਦਨਾਕ ਘਟਨਾ ਗਵਾਨ ਥਾਣਾ ਖੇਤਰ ਦੇ ਪਟਨਾ ਚੌਕ ਸਥਿਤ ਭੇਲਵਾ ਮੁੱਖ ਸੜਕ ਦੇ ਪਾਸੇ ਵਾਪਰੀ। ਇੱਥੇ 35 ਸਾਲਾ ਪੂਨਮ ਦੇਵੀ ਅਤੇ ਉਸ ਦਾ ਪਤੀ ਪ੍ਰਵੀਨ ਸਿੰਘ ਸਵੇਰ ਤੋਂ ਖੇਤ ਵਿੱਚ ਝੋਨੇ ਦੀ ਲਵਾਈ ਦਾ ਕੰਮ ਕਰ ਰਹੇ ਸਨ। ਦੁਪਹਿਰ ਸਮੇਂ ਉਹ ਹੋਰ ਔਰਤਾਂ ਨਾਲ ਬੋਹੜ ਦੇ ਦਰੱਖਤ ਹੇਠਾਂ ਬੈਠ ਕੇ ਖਾਣਾ ਖਾ ਰਹੀ ਸੀ ਕਿ ਅਚਾਨਕ ਤੇਜ਼ ਗਰਜ ਨਾਲ ਬਿਜਲੀ ਡਿੱਗ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਸਭ ਤੋਂ ਦਰਦਨਾਕ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਔਰਤ ਦੇ ਤਿੰਨ ਛੋਟੇ ਬੱਚੇ ਆਪਣੀ ਮਾਂ ਦੀ ਲਾਸ਼ ਕੋਲ ਬੈਠੇ ਰੋਂਦੇ ਰਹੇ। ਇਹ ਨਜ਼ਾਰਾ ਦੇਖ ਕੇ ਪਿੰਡ ਵਾਸੀਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਦੱਸਿਆ ਗਿਆ ਕਿ ਮ੍ਰਿਤਕਾ ਦਾ ਪਤੀ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਦਿੱਲੀ ਵਿੱਚ ਮਜ਼ਦੂਰੀ ਕਰਦਾ ਹੈ। ਇਸ ਅਚਾਨਕ ਵਾਪਰੀ ਘਟਨਾ ਨਾਲ ਪਰਿਵਾਰ ਵਿੱਚ ਭਾਰੀ ਸੋਗ ਹੈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੁਮਕਾ ਜ਼ਿਲ੍ਹੇ ਦੇ ਰਾਮਗੜ੍ਹ ਬਲਾਕ ਵਿੱਚ ਬਿਜਲੀ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਬੱਚੇ ਸਮੇਤ ਚਾਰ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਲਾਤੇਹਾਰ ਦੇ ਵੱਖ-ਵੱਖ ਥਾਣਾ ਖੇਤਰਾਂ ‘ਚ ਬਿਜਲੀ ਡਿੱਗਣ ਦੀਆਂ ਘਟਨਾਵਾਂ ‘ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਔਰਤ ਗੰਭੀਰ ਰੂਪ ‘ਚ ਜ਼ਖਮੀ ਹੋ ਗਈ।












