Home ਪੰਜਾਬ ਅੰਮ੍ਰਿਤਸਰ ’ਚ ਕੈਂਬਰਿਜ ਸਕੂਲ ਨੇੜਿਓਂ ਅਸਾਲਟ ਬਰਾਮਦ

ਅੰਮ੍ਰਿਤਸਰ ’ਚ ਕੈਂਬਰਿਜ ਸਕੂਲ ਨੇੜਿਓਂ ਅਸਾਲਟ ਬਰਾਮਦ

0

ਅੰਮ੍ਰਿਤਸਰ: ਅੰਮ੍ਰਿਤਸਰ ਦੇ ਲੁਹਾਰਕਾ ਰੋਡ ’ਤੇ ਕੈਂਬਰਿਜ ਸਕੂਲ ਨੇੜਲੇ ਖਾਲੀ ਪਲਾਟਾਂ ਵਿੱਚੋਂ ਇੱਕ ਅਸਾਲਟ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੰਬੋਅ ਦੀ ਪੁਲਿਸ ਨੇ ਮਿਲਟਰੀ ਇੰਟੈਲੀਜੈਂਸ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਾਂਝੀ ਤਲਾਸ਼ੀ ਮੁਹਿੰਮ ਚਲਾਉਂਦਿਆਂ ਇਹ ਹਥਿਆਰ ਬਰਾਮਦ ਕੀਤਾ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਮਿਲਟਰੀ ਇੰਟੈਲੀਜੈਂਸ ਵੱਲੋਂ ਥਾਣਾ ਕੰਬੋਅ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਲੁਹਾਰਕਾ ਰੋਡ ’ਤੇ ਕੈਂਬਰਿਜ ਸਕੂਲ ਨੇੜਲੇ ਖਾਲੀ ਪਲਾਟਾਂ ਵਿੱਚ ਹਥਿਆਰ ਪਿਆ ਹੋ ਸਕਦਾ ਹੈ।

ਇਸ ਤੋਂ ਬਾਅਦ ਏਐੱਸਆਈ ਸਰਵਨ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮਿਲਟਰੀ ਇੰਟੈਲੀਜੈਂਸ ਦੇ ਕਰਮਚਾਰੀਆਂ ਨਾਲ ਮਿਲ ਕੇ ਇਲਾਕੇ ਵਿੱਚ ਤਲਾਸ਼ੀ ਲਈ। ਇਸ ਦੌਰਾਨ ਇੱਕ ਖਾਲੀ ਪਲਾਟ ਵਿੱਚੋਂ ਪੀਲੇ ਰੰਗ ਦੇ ਲਿਫ਼ਾਫ਼ੇ ਵਿੱਚ ਲਪੇਟੀ ਹੋਈ ਅਸਾਲਟ ਬਰਾਮਦ ਹੋਈ।

ਹਥਿਆਰ ਦੀ ਬਰਾਮਦਗੀ ਤੋਂ ਬਾਅਦ ਪੁਲਿਸ ਨੇ ਥਾਣਾ ਕੰਬੋਅ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਂਚ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਥਿਆਰ ਉੱਥੇ ਕਿਸ ਨੇ ਰੱਖਿਆ ਸੀ ਅਤੇ ਇਸ ਦੇ ਪਿੱਛੇ ਕੀ ਮਕਸਦ ਸੀ।

ਫਿਲਹਾਲ ਪੁਲਿਸ ਵੱਲੋਂ ਮਾਮਲੇ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਹਥਿਆਰ ਨਾਲ ਜੁੜੀ ਹੋਰ ਜਾਣਕਾਰੀ ਜਾਂ ਕਿਸੇ ਸ਼ੱਕੀ ਵਿਅਕਤੀ ਦੀ ਪਛਾਣ ਬਾਰੇ ਅਜੇ ਕੋਈ ਅਧਿਕਾਰਤ ਵੇਰਵਾ ਸਾਹਮਣੇ ਨਹੀਂ ਆਇਆ।

NO COMMENTS

LEAVE A REPLY

Please enter your comment!
Please enter your name here

Exit mobile version