ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਦੇ ਵਾਈਸ ਚੀਫ਼ ਆਫ਼ ਦ ਏਅਰ ਸਟਾਫ਼ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੂੰ ਦੇਸ਼ ਦਾ ਅਗਲਾ ਹਵਾਈ ਸੈਨਾ ਮੁਖੀ ਨਿਯੁਕਤ ਕੀਤਾ ਗਿਆ ਹੈ। ਉਹ 31 ਅਕਤੂਬਰ 2026 ਦੀ ਦੁਪਹਿਰ ਨੂੰ ਏਅਰ ਚੀਫ਼ ਮਾਰਸ਼ਲ ਦਾ ਅਹੁਦਾ ਸੰਭਾਲਣਗੇ। ਉਨ੍ਹਾਂ ਦਾ ਕਾਰਜਕਾਲ 31 ਦਸੰਬਰ 2028 ਤੱਕ ਰਹੇਗਾ।
ਆਸ਼ੂਤੋਸ਼ ਦੀਕਸ਼ਿਤ ਨੇ 1 ਜੁਲਾਈ 2026 ਨੂੰ ਭਾਰਤੀ ਹਵਾਈ ਸੈਨਾ ਦੇ 51ਵੇਂ ਵਾਈਸ ਚੀਫ਼ ਆਫ਼ ਦ ਏਅਰ ਸਟਾਫ਼ ਵਜੋਂ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ ਚੀਫ਼ ਆਫ਼ ਇੰਟੀਗ੍ਰੇਟਿਡ ਡਿਫੈਂਸ ਸਟਾਫ਼ ਵਜੋਂ ਸੇਵਾ ਨਿਭਾ ਰਹੇ ਸਨ।
6 ਦਸੰਬਰ 1986 ਨੂੰ ਹਵਾਈ ਸੈਨਾ ਦੀ ਫਾਈਟਰ ਸਟ੍ਰੀਮ ਵਿੱਚ ਕਮਿਸ਼ਨ ਹੋਏ ਦੀਕਸ਼ਿਤ ਕੋਲ 3,500 ਤੋਂ ਵੱਧ ਘੰਟਿਆਂ ਦੀ ਉਡਾਣ ਦਾ ਤਜਰਬਾ ਹੈ। ਉਹ ਐਕਸਪੈਰੀਮੈਂਟਲ ਟੈਸਟ ਪਾਇਲਟ ਅਤੇ ਕੁਆਲੀਫਾਈਡ ਫਲਾਇੰਗ ਇੰਸਟ੍ਰਕਟਰ ਵੀ ਹਨ। ਉਨ੍ਹਾਂ ਨੇ ਮਿਰਾਜ-2000, ਮਿਗ ਦੇ ਵੱਖ-ਵੱਖ ਰੂਪਾਂ, ਜੈਗੁਆਰ, ਤੇਜਸ, ਹਾਕ ਅਤੇ ਹੋਰ ਕਈ ਜਹਾਜ਼ ਉਡਾਏ ਹਨ।
ਉਨ੍ਹਾਂ ਦੇ ਲੰਬੇ ਸੈਨਿਕ ਕਰੀਅਰ ਵਿੱਚ ਆਪ੍ਰੇਸ਼ਨ ਸਫੇਦ ਸਾਗਰ ਸਮੇਤ ਕਈ ਅਹਿਮ ਆਪ੍ਰੇਸ਼ਨਾਂ ਅਤੇ ਅਭਿਆਸਾਂ ਵਿੱਚ ਭਾਗੀਦਾਰੀ ਸ਼ਾਮਲ ਰਹੀ ਹੈ। ਉਨ੍ਹਾਂ ਨੂੰ ਵਾਯੂ ਸੈਨਾ ਮੈਡਲ, ਵਿਸ਼ਿਸ਼ਟ ਸੇਵਾ ਮੈਡਲ, ਅਤੀ ਵਿਸ਼ਿਸ਼ਟ ਸੇਵਾ ਮੈਡਲ ਅਤੇ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।










