ਸ੍ਰੀਨਗਰ: ਖਰਾਬ ਮੌਸਮ ਅਤੇ ਰਸਤੇ ਦੀ ਮੁਰੰਮਤ ਦੇ ਕੰਮ ਕਾਰਨ ਬਾਲਟਾਲ ਰਸਤੇ ਤੋਂ ਸਾਲਾਨਾ ਅਮਰਨਾਥ ਯਾਤਰਾ ਅੱਜ ਮੁਲਤਵੀ ਕਰ ਦਿੱਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲੋੜੀਂਦੇ ਮੁਰੰਮਤ ਕਾਰਜਾਂ ਕਾਰਨ ਪਹਿਲਗਾਮ ਰਸਤੇ ਤੋਂ ਅਮਰਨਾਥ ਯਾਤਰਾ ਪਹਿਲਾਂ ਹੀ ਮੁਲਤਵੀ ਕੀਤੀ ਜਾ ਚੁੱਕੀ ਹੈ।
ਬੀਤੀ ਰਾਤ ਬਾਲਟਾਲ ਖੇਤਰ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਇੱਕ ਥਾਂ ‘ਤੇ ਅਚਾਨਕ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ। ਹਾਲਾਂਕਿ, ਇਸ ਘਟਨਾ ਵਿੱਚ ਕਿਸੇ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਤੀਕੂਲ ਮੌਸਮ ਅਤੇ ਰਸਤੇ ‘ਤੇ ਚੱਲ ਰਹੇ ਮੁਰੰਮਤ ਦੇ ਕੰਮ ਨੂੰ ਦੇਖਦੇ ਹੋਏ ਬਾਲਟਾਲ ਰਸਤੇ ਤੋਂ ਕਿਸੇ ਵੀ ਸ਼ਰਧਾਲੂ ਨੂੰ ਪਵਿੱਤਰ ਗੁਫ਼ਾ ਮੰਦਰ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਯਾਤਰਾ ਮਾਰਗ ‘ਤੇ ਮੁਰੰਮਤ ਦਾ ਕੰਮ ਜਾਰੀ ਹੈ। ਸਾਲਾਨਾ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਤੱਕ ਲਗਭਗ 4.5 ਲੱਖ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਇਹ ਯਾਤਰਾ 28 ਅਗਸਤ ਨੂੰ ਰੱਖੜੀ ਦੇ ਮੌਕੇ ‘ਤੇ ਸਮਾਪਤ ਹੋਵੇਗੀ।












