ਅੰਮ੍ਰਿਤਸਰ : ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਵਿੱਚ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ “ਵਾਰ ਅਗੇਂਸਟ ਗੈਂਗਸਟਰ” ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਾਕਿਸਤਾਨੀ ISI ਹੈਂਡਲਰ ਦੇ ਕਹਿਣ ‘ਤੇ ਪੁਲਿਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚਣ ਵਾਲੇ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਇਸ ਮੌਕੇ ‘ਤੇ SSP ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨੇ ਮੀਡੀਆ ਨੂੰ ਦੱਸਿਆ ਕਿ 20-21 ਜੁਲਾਈ, 2026 ਦੀ ਰਾਤ ਕਰੀਬ 1:30 ਵਜੇ 2 ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਪੁਲਿਸ ਪੋਸਟ ਚਮਿਆਰੀ ਦੇ ਗੇਟ ਨੇੜੇ ਹਮਲਾ ਕਰ ਦਿੱਤਾ। ਇਸ ਸਬੰਧੀ ਅਜਨਾਲਾ ਥਾਣੇ ਵਿੱਚ BNS ਦੀਆਂ ਵੱਖ-ਵੱਖ ਧਾਰਾਵਾਂ ਤਹਿਤ FIR ਨੰਬਰ 250/2026 ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। SSP ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਅਤੇ CIA ਟੀਮਾਂ ਦੀ ਆਧੁਨਿਕ ਤਕਨਾਲੋਜੀ ਅਤੇ ਖੁਫੀਆ ਜਾਣਕਾਰੀ ਦੀ ਮਦਦ ਨਾਲ ਜਾਂਚ ਨੂੰ ਅੱਗੇ ਵਧਾਇਆ ਗਿਆ। ਜਾਂਚ ਦੌਰਾਨ ਪੁਲਿਸ ਨੇ 30 ਜੁਲਾਈ, 2026 ਨੂੰ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ।
ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਮਨਦੀਪ ਸਿੰਘ, ਪ੍ਰਦੀਪ ਸਿੰਘ, ਕਰਨਵੀਰ ਸਿੰਘ ਅਤੇ ਇੱਕ ਨਾਬਾਲਗ ਸੁਖਦੀਪ ਸਿੰਘ (ਜੁਵੇਨਾਈਲ) ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਮਨਦੀਪ ਸਿੰਘ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ISI ਹੈਂਡਲਰ ਦੇ ਸੰਪਰਕ ਵਿੱਚ ਆਇਆ ਸੀ। ਇਸ ਤੋਂ ਬਾਅਦ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰਨ ਦੀ ਯੋਜਨਾ ਬਣਾਈ। ਦੋਸ਼ੀਆਂ ਨੇ ਪਹਿਲਾਂ ਪੁਲਿਸ ਪੋਸਟ ‘ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਅਤੇ ਬਾਅਦ ਵਿੱਚ 2 ਹੋਰ ਪੁਲਿਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਰਹੇ ਸਨ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਪਾਕਿਸਤਾਨੀ ਹੈਂਡਲਰ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਮਾਰਨ ਦੇ ਬਦਲੇ 15,000 ਰੁਪਏ ਐਡਵਾਂਸ ਅਤੇ 50,000 ਰੁਪਏ ਦੇਣ ਦੀ ਡੀਲ ਕੀਤੀ ਸੀ। ਹਮਲੇ ਤੋਂ ਪਹਿਲਾਂ ਦੋਸ਼ੀਆਂ ਨੇ ਪੁਲਿਸ ਮੁਲਾਜ਼ਮਾਂ ਦੀ ਰੇਕੀ ਵੀ ਕੀਤੀ ਸੀ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ। ਪੁਲਿਸ ਨੇ ਗ੍ਰਿਫ਼ਤਾਰ ਦੋਸ਼ੀਆਂ ਕੋਲੋਂ 2 ਮੋਟਰਸਾਈਕਲ ਅਤੇ ਇੱਕ ਪਿਸਤੌਲ ਸਮੇਤ ਹੋਰ ਅਹਿਮ ਸਬੂਤ ਵੀ ਬਰਾਮਦ ਕੀਤੇ ਹਨ। ਜਾਂਚ ਏਜੰਸੀਆਂ ਹੁਣ ਇਹ ਵੀ ਪਤਾ ਲਗਾ ਰਹੀਆਂ ਹਨ ਕਿ ਇਸ ਸਾਜ਼ਿਸ਼ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਸੀ ਅਤੇ ਕੀ ਇਸ ਦਾ ਕੋਈ ਹੋਰ ਲਿੰਕ ਵਿਦੇਸ਼ੀ ਨੈੱਟਵਰਕ ਨਾਲ ਹੈ।
SSP ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਕਾਨੂੰਨ-ਵਿਵਸਥਾ ਨੂੰ ਵਿਗਾੜਨ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ, ਅੱਤਵਾਦੀ ਤੱਤਾਂ ਅਤੇ ਵਿਦੇਸ਼ੀ ਹੈਂਡਲਰਾਂ ਦੇ ਗਠਜੋੜ ਨੂੰ ਕਿਸੇ ਵੀ ਕੀਮਤ ‘ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
