ਓਡੀਸ਼ਾ/ਕਰਨਾਟਕ: ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਨਿੱਜੀ ਐਂਬੂਲੈਂਸ ਵਿੱਚ ਆਕਸੀਜਨ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ। ਇਸ ਘਟਨਾ ਵਿੱਚ ਐਂਬੂਲੈਂਸ ਵਿੱਚ ਸਵਾਰ ਇੱਕ ਮਰੀਜ਼ ਦੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਇਹ ਹਾਦਸਾ ਉਦਾਲਾ ਕਾਲਜ ਨੇੜੇ ਸਵੇਰੇ ਕਰੀਬ 8:45 ਵਜੇ ਵਾਪਰਿਆ।
ਆਕਸੀਜਨ ਸਿਲੰਡਰ ਚਾਲੂ ਕਰਦੇ ਸਮੇਂ ਹੋਇਆ ਧਮਾਕਾ
ਉਦਾਲਾ ਹਸਪਤਾਲ ਦੇ ਸੁਰੱਖਿਆ ਇੰਚਾਰਜ ਐੱਸ.ਕੇ. ਮਿਰਜ਼ਾ ਮੁਤਾਬਕ, ਮਰੀਜ਼ ਨੂੰ ਇਲਾਜ ਲਈ ਕਿਸੇ ਹੋਰ ਹਸਪਤਾਲ ਵਿੱਚ ਭੇਜਿਆ ਜਾ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਆਕਸੀਜਨ ਸਿਲੰਡਰ ਚਾਲੂ ਕੀਤਾ ਗਿਆ, ਉਸ ਵਿੱਚ ਧਮਾਕਾ ਹੋ ਗਿਆ ਅਤੇ ਐਂਬੂਲੈਂਸ ਨੂੰ ਅੱਗ ਲੱਗ ਗਈ।
ਹਾਦਸੇ ਦੌਰਾਨ ਮਰੀਜ਼ ਦੀ ਜਾਨ ਚਲੀ ਗਈ, ਜਦਕਿ ਐਂਬੂਲੈਂਸ ਦੀ ਛੱਤ ਦੇ ਧਾਤੂ ਹਿੱਸੇ ਡਿੱਗਣ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਘਟਨਾ ਦੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਕਰਨਾਟਕ ਵਿੱਚ ਸ਼ਾਰਟ ਸਰਕਟ ਕਾਰਨ ਸਲੀਪਰ ਬੱਸ ਨੂੰ ਲੱਗੀ ਅੱਗ
ਦੂਜੇ ਪਾਸੇ, ਕਰਨਾਟਕ ਦੇ ਸਾਗਰ ਤਾਲੁਕ ਵਿੱਚ ਵੀ ਬੱਸ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਵੀਰਵਾਰ ਤੜਕੇ ਕਰੀਬ 5:45 ਵਜੇ ਮੁੰਬਾਲੂ ਪਿੰਡ ਨੇੜੇ ਇੱਕ ਨਿੱਜੀ ਸਲੀਪਰ ਬੱਸ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਇਹ ਬੱਸ ਬੈਂਗਲੁਰੂ ਤੋਂ ਸਾਗਰ ਵੱਲ ਜਾ ਰਹੀ ਸੀ।
ਅਧਿਕਾਰੀਆਂ ਅਨੁਸਾਰ, ਡਰਾਈਵਰ ਅਤੇ ਕਲੀਨਰ ਦੀ ਸੂਝ-ਬੂਝ ਕਾਰਨ ਬੱਸ ਵਿੱਚ ਸਵਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸਾਗਰ ਵੱਲ ਜਾਣ ਵਾਲੇ ਰਸਤੇ ’ਤੇ ਬੱਸ ਵਿੱਚ ਸਿਰਫ਼ ਦੋ ਯਾਤਰੀ ਸਵਾਰ ਸਨ, ਕਿਉਂਕਿ ਬਾਕੀ ਸਵਾਰੀਆਂ ਪਹਿਲਾਂ ਹੀ ਸ਼ਿਵਮੋਗਾ ਵਿਖੇ ਉਤਰ ਗਈਆਂ ਸਨ।
ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਬੱਸ ਦਾ ਲਗਭਗ 80 ਫ਼ੀਸਦੀ ਹਿੱਸਾ ਸੜ ਗਿਆ। ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਆਨੰਦਪੁਰਮ ਪੁਲਿਸ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਇਸ ਹਾਦਸੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।










