ਚੰਡੀਗੜ੍ਹ: ਸ਼ਿਮਲਾ-ਕਾਲਕਾ ਯੂਨੈਸਕੋ ਵਰਲਡ ਹੈਰੀਟੇਜ ਰੇਲਵੇ ਸੈਕਸ਼ਨ ‘ਤੇ ਘੁਮਾ ਅਤੇ ਟਕਸਾਲ ਰੇਲਵੇ ਸਟੇਸ਼ਨਾਂ ਵਿਚਕਾਰ ਪੁਲੀ ਦੇ ਧੱਸ ਜਾਣ ਕਾਰਨ ਅੰਬਾਲਾ ਡਿਵੀਜ਼ਨ ਨੇ 11 ਸਤੰਬਰ ਤੱਕ ਸਾਰੀਆਂ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਭਾਰੀ ਬਰਸਾਤ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਪੁਲੀ ਰੁੜ੍ਹ ਗਈ, ਜਿਸ ਨਾਲ ਰੇਲਵੇ ਟਰੈਕ ਹਵਾ ਵਿੱਚ ਲਟਕ ਗਿਆ। ਅੰਬਾਲਾ ਡਿਵੀਜ਼ਨ ਦੇ ਸੀਨੀਅਰ ਡੀ.ਸੀ.ਐਮ. ਯਸ਼ਨਜੀਤ ਸਿੰਘ ਨੇ ਕਿਹਾ ਕਿ ਜਲਦੀ ਹੀ ਰੇਲਵੇ ਟਰੈਕ ਦੀ ਮੁਰੰਮਤ ਅਤੇ ਰੇਲ ਗੱਡੀਆਂ ਨੂੰ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਯਾਤਰੀਆਂ ਦੀ ਸੁਰੱਖਿਆ ਵੀ ਰੇਲਵੇ ਦੀ ਜ਼ਿੰਮੇਵਾਰੀ ਹੈ।
ਇਹ ਟਰੇਨਾਂ ਰਹਿਣਗੀਆਂ ਰੱਦ
52457-58 11 ਸਤੰਬਰ ਤੱਕ
52451-52 13 ਸਤੰਬਰ ਤੱਕ
52453-54 11 ਸਤੰਬਰ ਤੱਕ
52459-60 13 ਸਤੰਬਰ ਤੱਕ
52455-56 11 ਸਤੰਬਰ ਤੱਕ
ਟਿਕਟਾਂ ਦਾ ਰਿਫੰਡ ਜਲਦੀ
ਡੀ.ਸੀ.ਐਮ. ਯਸ਼ਨਜੀਤ ਸਿੰਘ ਨੇ ਕਿਹਾ ਕਿ ਕਾਲਕਾ-ਸ਼ਿਮਲਾ ਰੇਲਵੇ ਟਰੈਕ ’ਤੇ ਸਫ਼ਰ ਕਰਨਾ ਹਰ ਯਾਤਰੀ ਦਾ ਸੁਪਨਾ ਹੁੰਦਾ ਹੈ। ਲੋਕ ਦੋ ਮਹੀਨੇ ਪਹਿਲਾਂ ਟਿਕਟ ਬੁੱਕ ਕਰਵਾਉਂਦੇ ਹਨ। ਹਿਮਾਚਲ ਪ੍ਰਦੇਸ਼ ਵਿੱਚ ਖ਼ਰਾਬ ਮੌਸਮ ਅਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਰੇਲਵੇ ਟਰੈਕ ਖਰਾਬ ਹੋ ਗਿਆ, ਜਿਸ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਨੂੰ ਅਚਾਨਕ ਰੋਕਣਾ ਪਿਆ। ਰੇਲਵੇ ਯਾਤਰੀਆਂ ਦੀਆਂ ਟਿਕਟਾਂ ਦਾ ਰਿਫੰਡ ਕਰ ਰਿਹਾ ਹੈ। ਅਧਿਕਾਰੀਆਂ ਮੁਤਾਬਕ ਰੇਲਵੇ ਸਟੇਸ਼ਨ ਦੇ ਕਾਊਂਟਰ ਤੋਂ ਟਿਕਟ ਬੁੱਕ ਕਰਵਾਉਣ ਵਾਲੇ ਯਾਤਰੀਆਂ ਨੂੰ ਕਾਊਂਟਰ ‘ਤੇ ਹੀ ਰਿਫੰਡ ਮਿਲ ਜਾਵੇਗਾ। ਇਸ ਦੇ ਨਾਲ ਹੀ, ਰਿਫੰਡ ਦੀ ਰਕਮ 24 ਘੰਟਿਆਂ ਦੇ ਅੰਦਰ ਆਨਲਾਈਨ ਟਿਕਟ ਬੁੱਕ ਕਰਨ ਵਾਲੇ ਯਾਤਰੀਆਂ ਦੇ ਖਾਤੇ ਵਿੱਚ ਪਹੁੰਚ ਜਾਵੇਗੀ।










