ਕੱਛ: ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਰਾਪਰ ਤਾਲੁਕਾ ਸਥਿਤ ਇੱਕ ਰਿਹਾਇਸ਼ੀ ਸਕੂਲ ਵਿੱਚ 13 ਸਾਲਾ ਵਿਦਿਆਰਥਣ ਨਾਲ ਕਥਿਤ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸਕੂਲ ਦੇ ਪ੍ਰਿੰਸੀਪਲ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਸਕੂਲ ਗ੍ਰਾਮ ਸਵਰਾਜ ਸੰਘ ਵੱਲੋਂ ਚਲਾਇਆ ਜਾਂਦਾ ਹੈ, ਜਿੱਥੇ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਰਿਹਾਇਸ਼ੀ ਸਹੂਲਤ ਵੀ ਹੈ। ਪੀੜਤ ਬੱਚੀ ਇਸ ਸਕੂਲ ਵਿੱਚ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ।
ਪ੍ਰੈਗਨੈਂਸੀ ਟੈਸਟ ਕਿਟ ਮਿਲਣ ਤੋਂ ਬਾਅਦ ਸਾਹਮਣੇ ਆਇਆ ਮਾਮਲਾ
ਪੁਲਿਸ ਮੁਤਾਬਕ ਆਜ਼ਾਦੀ ਦਿਵਸ ਸਮਾਗਮ ਦੀਆਂ ਤਿਆਰੀਆਂ ਦੌਰਾਨ ਇੱਕ ਮਹਿਲਾ ਅਧਿਆਪਕਾ ਨੂੰ ਸਕੂਲ ਕੈਂਪਸ ਵਿੱਚ ਇੱਕ ਪ੍ਰੈਗਨੈਂਸੀ ਟੈਸਟ ਕਿਟ ਮਿਲੀ। ਇਸ ਤੋਂ ਬਾਅਦ ਅਧਿਆਪਕਾ ਅਤੇ ਗਰਲਜ਼ ਹੋਸਟਲ ਦੀ ਵਾਰਡਨ ਨੇ CCTV ਫੁਟੇਜ ਦੀ ਜਾਂਚ ਕੀਤੀ।
ਜਾਂਚ ਦੌਰਾਨ ਕਥਿਤ ਤੌਰ ’ਤੇ ਇਹ ਸਾਹਮਣੇ ਆਇਆ ਕਿ ਟੈਸਟ ਕਿਟ ਪ੍ਰਿੰਸੀਪਲ ਦੀ ਜੇਬ ਵਿੱਚੋਂ ਡਿੱਗੀ ਸੀ। ਇਸ ਬਾਰੇ ਸਕੂਲ ਨਾਲ ਜੁੜੇ ਟਰੱਸਟ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ।
ਹੋਸਟਲ ਨੇੜੇ ਘਟਨਾ ਹੋਣ ਦਾ ਦੋਸ਼
ਰਾਪਰ ਪੁਲਿਸ ਦੇ ਇੰਸਪੈਕਟਰ ਆਰ.ਐਲ. ਖੱਟਾਨਾ ਮੁਤਾਬਕ, ਜਾਂਚ ਵਿੱਚ ਦੋਸ਼ ਲੱਗਾ ਹੈ ਕਿ ਪ੍ਰਿੰਸੀਪਲ ਨੇ ਬੱਚੀ ਨੂੰ ਹੋਸਟਲ ਦੇ ਪਿੱਛੇ ਇੱਕ ਸੁੰਨਸਾਨ ਥਾਂ ’ਤੇ ਲਿਜਾ ਕੇ ਉਸ ਨਾਲ ਕਥਿਤ ਜਬਰ-ਜ਼ਨਾਹ ਕੀਤਾ। ਪੁਲਿਸ ਅਨੁਸਾਰ ਇਹ ਘਟਨਾ ਆਜ਼ਾਦੀ ਦਿਵਸ ਤੋਂ ਪਹਿਲਾਂ ਅਤੇ ਬਾਅਦ ਦੇ ਦਿਨਾਂ ਨਾਲ ਸਬੰਧਤ ਦੱਸੀ ਜਾ ਰਹੀ ਹੈ।
ਸਕੂਲ ਪ੍ਰਸ਼ਾਸਨ ’ਤੇ ਮਾਮਲਾ ਦਬਾਉਣ ਦਾ ਦੋਸ਼
ਪੁਲਿਸ ਦਾ ਦਾਅਵਾ ਹੈ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਪੁਲਿਸ ਨੂੰ ਸੂਚਿਤ ਕਰਨ ਦੀ ਬਜਾਏ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਅਤੇ ਬੱਚੀ ਨੂੰ ਉਸ ਦੇ ਪਰਿਵਾਰ ਕੋਲ ਭੇਜ ਦਿੱਤਾ।
ਪੁਲਿਸ ਨੇ ਕਿਹਾ ਕਿ ਨਾਬਾਲਗ ਵਿਦਿਆਰਥਣ ਸਕੂਲ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਸੀ ਅਤੇ ਅਜਿਹੇ ਮਾਮਲੇ ਵਿੱਚ ਕਾਨੂੰਨ ਅਨੁਸਾਰ ਪੁਲਿਸ ਨੂੰ ਸੂਚਿਤ ਕਰਨਾ ਲਾਜ਼ਮੀ ਸੀ।
ਪ੍ਰਿੰਸੀਪਲ ਸਮੇਤ ਚਾਰ ਖ਼ਿਲਾਫ਼ ਕੇਸ ਦਰਜ
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਚਾਈਲਡ ਵੈਲਫੇਅਰ ਕਮੇਟੀ ਦੀ ਸਹਾਇਤਾ ਨਾਲ ਬੱਚੀ ਅਤੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਰਾਪਰ ਥਾਣੇ ਵਿੱਚ ਪ੍ਰਿੰਸੀਪਲ, ਹੋਸਟਲ ਵਾਰਡਨ, ਕੋਰ ਕਮੇਟੀ ਦੇ ਇੱਕ ਮੈਂਬਰ ਅਤੇ ਟਰੱਸਟ ਦੇ ਸਕੱਤਰ ਖ਼ਿਲਾਫ਼ FIR ਦਰਜ ਕੀਤੀ ਗਈ।
ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ BNS ਅਤੇ POCSO ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ। ਜਾਂਚ ਦੌਰਾਨ ਘਟਨਾ ਨਾਲ ਜੁੜੇ ਹੋਰ ਤੱਥ ਇਕੱਠੇ ਕੀਤੇ ਜਾ ਰਹੇ ਹਨ।
ਪੁਲਿਸ ਮੁਤਾਬਕ ਕਥਿਤ ਦੋਸ਼ੀ ਪ੍ਰਿੰਸੀਪਲ ਪਹਿਲਾਂ ਇਸੇ ਸਕੂਲ ਵਿੱਚ ਵਿਦਿਆਰਥੀ ਰਹਿ ਚੁੱਕਾ ਹੈ ਅਤੇ ਪ੍ਰਿੰਸੀਪਲ ਬਣਨ ਤੋਂ ਪਹਿਲਾਂ ਇੱਥੇ ਅਧਿਆਪਕ ਵਜੋਂ ਵੀ ਕੰਮ ਕਰਦਾ ਸੀ।












