ਸਪੋਰਟਸ ਡੈਸਕ : ਇਲਾਹਾਬਾਦ ਹਾਈ ਕੋਰਟ ਨੇ ਕ੍ਰਿਕਟਰ ਯਸ਼ ਦਿਆਲ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਕਿਸੇ ਨੂੰ ਇਕ ਜਾਂ ਦੋ ਦਿਨ ਲਈ ਮੂਰਖ ਬਣਾਇਆ ਜਾ ਸਕਦਾ ਹੈ, ਪਰ ਪੰਜ ਸਾਲਾਂ ਲਈ ਨਹੀਂ। ਯਸ਼ ਦਿਆਲ ਨੇ ਆਪਣੇ ਵਿਰੁੱਧ ਦਰਜ ਜਿਨਸੀ ਸ਼ੋਸ਼ਣ ਦੀ ਐਫ.ਆਈ.ਆਰ. ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ। ਅੱਜ ਜਸਟਿਸ ਸਿਧਾਰਥ ਵਰਮਾ ਅਤੇ ਅਨਿਲ ਕੁਮਾਰ ਦੀ ਡਿਵੀਜ਼ਨ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ। ਅਦਾਲਤ ਨੇ ਸ਼ਿਕਾਇਤਕਰਤਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਵਿਆਹ ਦੇ ਬਹਾਨੇ ਬਲਾਤਕਾਰ ਦਾ ਦੋਸ਼
ਸ਼ਿਕਾਇਤਕਰਤਾ ਲੜਕੀ ਨੇ ਦਿਆਲ ‘ਤੇ ਵਿਆਹ ਦੇ ਬਹਾਨੇ ਉਸਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਉਸ ਦੇ ਅਨੁਸਾਰ, ਦੋਵੇਂ ਪੰਜ ਸਾਲ ਪਹਿਲਾਂ ਮਿਲੇ ਸਨ। 27 ਸਾਲਾ ਯਸ਼ ਦਿਆਲ ਵਿਰੁੱਧ 6 ਜੁਲਾਈ ਨੂੰ ਗਾਜ਼ੀਆਬਾਦ ਦੇ ਇੰਦਰਾਪੁਰਮ ਪੁਲਿਸ ਸਟੇਸ਼ਨ ਵਿੱਚ ਬੀ.ਐਨ.ਐਸ. ਦੀ ਧਾਰਾ 69 (ਧੋਖਾ ਦੇ ਕੇ ਜਿਨਸੀ ਸੰਬੰਧ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।











