ਊਧਮਪੁਰ : ਜੰਮੂ-ਕਸ਼ਮੀਰ ਵਿੱਚ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ, ਕਈ ਨਦੀਆਂ ਅਤੇ ਜਲ ਭੰਡਾਰਾਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਰਿਆਸੀ ਵਿੱਚ ਅੱਜ ਸਲਾਲ ਡੈਮ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ, ਜਿਸ ਨਾਲ ਆਲੇ ਦੁਆਲੇ ਦੇ ਖੇਤਰਾਂ ਵਿੱਚ ਪਾਣੀ ਦਾ ਵਹਾਅ ਵਧ ਗਿਆ। ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ, ਪ੍ਰਸ਼ਾਸਨ ਨੇ ਨਿਵਾਸੀਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਪ੍ਰਸ਼ਾਸਨ ਨੇ ਨਦੀ ਅਤੇ ਜਲ ਭੰਡਾਰਾਂ ਦੇ ਨੇੜੇ ਜਾਣ ਤੋਂ ਲੋਕਾਂ ਨੂੰ ਰੋਕਦੇ ਹੋਏ ਕਿਹਾ ਕਿ ਨਦੀ ਦੇ ਕੰਢਿਆਂ ‘ਤੇ ਖੜ੍ਹੇ ਨਾ ਹੋਣ ਅਤੇ ਮੱਛੀਆਂ ਫੜਨ, ਰਾਫਟਿੰਗ ਕਰਨ ਅਤੇ ਨਹਾਉਣ ਜਾਂ ਤੈਰਾਕੀ ਵਰਗੀਆਂ ਗਤੀਵਿਧੀਆਂ ਤੋਂ ਪੂਰੀ ਤਰ੍ਹਾਂ ਬਚਣ ਦੀ ਅਪੀਲ ਕੀਤੀ ਹੈ। ਸਥਾਨਕ ਨਿਵਾਸੀਆਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ।
ਪਸ਼ੂਆਂ ਅਤੇ ਸਾਮਾਨ ਨੂੰ ਸੁਰੱਖਿਅਤ ਥਾਂ ‘ਤੇ ਲਿਜਾਣ ਦੀ ਸਲਾਹ
ਪ੍ਰਸ਼ਾਸਨ ਨੇ ਨਦੀ ਦੇ ਕੰਢਿਆਂ ਅਤੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਨਿਵਾਸੀਆਂ ਨੂੰ ਆਪਣੇ ਪਸ਼ੂ, ਖੇਤੀਬਾੜੀ ਉਪਕਰਣ ਅਤੇ ਹੋਰ ਜ਼ਰੂਰੀ ਚੀਜ਼ਾਂ ਨੂੰ ਪਹਿਲਾਂ ਤੋਂ ਹੀ ਸੁਰੱਖਿਅਤ ਸਥਾਨ ‘ਤੇ ਲਿਜਾਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਹੈ।
