Home ਦੇਸ਼ ਹਿਮਾਚਲ ਪ੍ਰਦੇਸ਼ ‘ਚ ਕੜਾ ਤੇ ਕਿਰਪਾਨ ਪਹਿਨਣ ਕਾਰਨ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ...

ਹਿਮਾਚਲ ਪ੍ਰਦੇਸ਼ ‘ਚ ਕੜਾ ਤੇ ਕਿਰਪਾਨ ਪਹਿਨਣ ਕਾਰਨ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਪਟਵਾਰੀ ਪ੍ਰੀਖਿਆ ਦੇਣ ਤੋਂ ਰੋਕਿਆ

0

ਸੋਲਨ: ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਸਥਿਤ ਆਂਜੀ ਦੇ ‘ਦੇਵਭੂਮੀ ਆਨਲਾਈਨ ਪ੍ਰੀਖਿਆ ਕੇਂਦਰ’ ਵਿਖੇ ਪਟਵਾਰੀ ਭਰਤੀ ਦੀ ਪ੍ਰੀਖਿਆ ਦੇਣ ਪੁੱਜੇ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਜਸ਼ਨਦੀਪ ਸਿੰਘ ਨੂੰ ਕੜਾ ਅਤੇ ਕਿਰਪਾਨ (ਸ੍ਰੀ ਸਾਹਿਬ) ਪਹਿਨਣ ਕਾਰਨ ਪ੍ਰੀਖਿਆ ਹਾਲ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤੇ ਜਾਣ ਦਾ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਪਾਉਂਟਾ ਸਾਹਿਬ ਦੇ ਵਸਨੀਕ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਕੇਂਦਰ ਦੇ ਸੰਚਾਲਕਾਂ ਨੇ ਐਡਮਿਟ ਕਾਰਡ ਦੀਆਂ ਹਦਾਇਤਾਂ ਅਤੇ ‘ਸਰਕਾਰੀ ਆਦੇਸ਼ਾਂ’ ਦਾ ਹਵਾਲਾ ਦਿੰਦਿਆਂ ਉਸ ਨੂੰ ਕੜਾ ਤੇ ਕਿਰਪਾਨ ਬਾਹਰ ਉਤਾਰ ਕੇ ਰੱਖਣ ਲਈ ਕਿਹਾ, ਪਰ ਜਦੋਂ ਸਬੰਧਤ ਨੋਟੀਫਿਕੇਸ਼ਨ ਦੀ ਕਾਪੀ ਮੰਗੀ ਗਈ ਤਾਂ ਪ੍ਰਬੰਧਕ ਕੋਈ ਦਸਤਾਵੇਜ਼ ਨਹੀਂ ਦਿਖਾ ਸਕੇ। ਨੌਜਵਾਨ ਨੇ ਸਪੱਸ਼ਟ ਕੀਤਾ ਕਿ ਉਹ ਇਸ ਤੋਂ ਪਹਿਲਾਂ ਵੀ ਕਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਧਾਰਮਿਕ ਚਿੰਨ੍ਹਾਂ ਸਮੇਤ ਬੈਠ ਚੁੱਕਾ ਹੈ, ਪਰ ਕਦੇ ਵੀ ਅਜਿਹਾ ਇਤਰਾਜ਼ ਨਹੀਂ ਕੀਤਾ ਗਿਆ। ਧਾਰਮਿਕ ਮਾਨਤਾਵਾਂ ਨਾਲ ਸਮਝੌਤਾ ਨਾ ਕਰਦਿਆਂ ਨੌਜਵਾਨ ਪ੍ਰੀਖਿਆ ਦਿੱਤੇ ਬਿਨਾਂ ਹੀ ਵਾਪਸ ਪਰਤ ਆਇਆ।

ਇਸ ਘਟਨਾ ਨੂੰ ਲੈ ਕੇ ਸਿੱਖ ਸੰਗਤਾਂ ਅਤੇ ਵਿਰੋਧੀ ਧਿਰ ਭਾਜਪਾ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਾਉਂਟਾ ਸਾਹਿਬ ਵਿਖੇ ਉਮੀਦਵਾਰ ਦੇ ਪਿਤਾ ਸਰਦਾਰ ਵਿਚਿੱਤਰ ਸਿੰਘ ਦੀ ਮੌਜੂਦਗੀ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਹਿਮਾਚਲ ਭਾਜਪਾ ਘੱਟ-ਗਿਣਤੀ ਮੋਰਚਾ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਨੇ ਕਾਂਗਰਸ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਸੰਵਿਧਾਨ ਦੀ ਧਾਰਾ 25 ਦਾ ਹਵਾਲਾ ਦਿੰਦਿਆਂ ਕਿਹਾ ਕਿ ਕੜਾ ਅਤੇ ਕਿਰਪਾਨ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਹਨ ਅਤੇ ਪ੍ਰੀਖਿਆ ਨਿਯਮਾਂ ਦੇ ਨਾਂ ‘ਤੇ ਕਿਸੇ ਨੌਜਵਾਨ ਦੇ ਭਵਿੱਖ ਨਾਲ ਖਿਲਵਾੜ ਕਰਨਾ ਨਿੰਦਣਯੋਗ ਹੈ। ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਪੰਜਾਬ ਭਾਜਪਾ ਦੇ ਆਗੂਆਂ ਨੇ ਵੀ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਪੀੜਤ ਵਿਦਿਆਰਥੀ ਲਈ ਵਿਸ਼ੇਸ਼ ਤੌਰ ‘ਤੇ ਮੁੜ ਪ੍ਰੀਖਿਆ ਕਰਵਾਉਣ ਦੀ ਮੰਗ ਕੀਤੀ ਹੈ।

ਭਾਜਪਾ ਆਗੂਆਂ ਅਤੇ ਪੀੜਤ ਪਰਿਵਾਰ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਪ੍ਰੀਖਿਆ ਨਿਯਮਾਂ ਵਿੱਚ ਤੁਰੰਤ ਸੋਧ ਨਾ ਕੀਤੀ ਗਈ ਅਤੇ ਜਸ਼ਨਦੀਪ ਸਿੰਘ ਲਈ ਮੁੜ ਪ੍ਰੀਖਿਆ ਦਾ ਪ੍ਰਬੰਧ ਨਾ ਹੋਇਆ, ਤਾਂ ਪਹਿਲਾਂ ਐੱਸ.ਡੀ.ਐੱਮ. ਦਫ਼ਤਰ ਬਾਹਰ ਧਰਨਾ ਦਿੱਤਾ ਜਾਵੇਗਾ ਅਤੇ ਫਿਰ ਪੂਰੇ ਸੂਬੇ ਵਿੱਚ ਤਿੱਖਾ ਅੰਦੋਲਨ ਵਿੱਢਿਆ ਜਾਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version