ਕਾਠਮੰਡੂ: ਭਿਆਨਕ ਹੜ੍ਹਾਂ ਦੀ ਸਥਿਤੀ ਨਾਲ ਜੂਝ ਰਹੇ ਨੇਪਾਲ ਵਿੱਚ ਅੱਜ ਤੜਕੇ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ। ਦੋਵੇਂ ਭੂਚਾਲ ਉੱਤਰ-ਪੱਛਮੀ ਨੇਪਾਲ ਦੇ ਮੁਗੂ ਜ਼ਿਲ੍ਹੇ ਵਿੱਚ ਦਰਜ ਕੀਤੇ ਗਏ। ਹਾਲਾਂਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਇਨ੍ਹਾਂ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ।
ਰਾਸ਼ਟਰੀ ਭੂਚਾਲ ਖੋਜ ਕੇਂਦਰ ਮੁਤਾਬਕ ਪਹਿਲਾ ਝਟਕਾ ਸਥਾਨਕ ਸਮੇਂ ਅਨੁਸਾਰ ਰਾਤ 1:51 ਵਜੇ ਦਰਜ ਕੀਤਾ ਗਿਆ, ਜਿਸ ਦੀ ਤੀਬਰਤਾ 4.5 ਸੀ। ਇਸ ਤੋਂ ਕੁਝ ਘੰਟਿਆਂ ਬਾਅਦ ਸਵੇਰੇ 4:28 ਵਜੇ 4.2 ਤੀਬਰਤਾ ਦਾ ਦੂਜਾ ਭੂਚਾਲ ਆਇਆ।
ਦੋਵੇਂ ਭੂਚਾਲਾਂ ਦਾ ਕੇਂਦਰ ਮੁਗੂ ਜ਼ਿਲ੍ਹੇ ਦੇ ਕਲਾਈ ਦੇ ਆਸ-ਪਾਸ ਦੱਸਿਆ ਗਿਆ ਹੈ। ਭੂਚਾਲ ਦੇ ਝਟਕੇ ਨੇੜਲੇ ਡੋਲਪਾ ਅਤੇ ਜੁਮਲਾ ਜ਼ਿਲ੍ਹਿਆਂ ਵਿੱਚ ਵੀ ਮਹਿਸੂਸ ਕੀਤੇ ਗਏ।
ਅਧਿਕਾਰੀਆਂ ਵੱਲੋਂ ਭੂਚਾਲ ਤੋਂ ਬਾਅਦ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਫਿਲਹਾਲ ਕਿਸੇ ਇਮਾਰਤ ਦੇ ਨੁਕਸਾਨ ਜਾਂ ਲੋਕਾਂ ਦੇ ਜ਼ਖਮੀ ਹੋਣ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।












