ਮਿਜ਼ੋਰਮ: ਭਾਰਤ ਦੇ ਉੱਤਰ-ਪੂਰਬੀ ਸੂਬੇ ਮਿਜ਼ੋਰਮ ਵਿੱਚ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.7 ਦਰਜ ਕੀਤੀ ਗਈ। ਭੂਚਾਲ ਦੇ ਝਟਕੇ ਰਾਤ ਕਰੀਬ 11 ਵੱਜ ਕੇ 45 ਮਿੰਟ ‘ਤੇ ਆਏ।
NCS ਦੇ ਅਨੁਸਾਰ, ਭੂਚਾਲ ਦਾ ਕੇਂਦਰ ਮਿਜ਼ੋਰਮ ਦੇ ਚੰਫਾਈ ਜ਼ਿਲ੍ਹੇ ਵਿੱਚ ਸੀ। ਇਸ ਦੀ ਡੂੰਘਾਈ ਧਰਤੀ ਦੇ ਅੰਦਰ ਕਰੀਬ 24 ਕਿਲੋਮੀਟਰ ਦਰਜ ਕੀਤੀ ਗਈ। ਭੂਚਾਲ ਦੀ ਤੀਬਰਤਾ 3.7 ਹੋਣ ਕਾਰਨ ਇਸ ਨੂੰ ਘੱਟ ਤੀਬਰਤਾ ਵਾਲੇ ਭੂਚਾਲ ਵਜੋਂ ਦੇਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 30 ਅਕਤੂਬਰ ਨੂੰ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਉਸ ਸਮੇਂ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.6 ਦਰਜ ਕੀਤੀ ਗਈ ਸੀ ਅਤੇ ਇਸ ਦਾ ਕੇਂਦਰ ਧਰਤੀ ਤੋਂ ਕਰੀਬ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਸਨ।
ਧਰਤੀ ਦੇ ਅੰਦਰ ਕਈ ਵੱਡੀਆਂ ਟੈਕਟੋਨਿਕ ਪਲੇਟਾਂ ਮੌਜੂਦ ਹਨ। ਜਦੋਂ ਇਹ ਪਲੇਟਾਂ ਆਪਸ ਵਿੱਚ ਟਕਰਾਉਂਦੀਆਂ, ਰਗੜ ਖਾਂਦੀਆਂ ਜਾਂ ਆਪਣੀ ਜਗ੍ਹਾ ਤੋਂ ਖਿਸਕਦੀਆਂ ਹਨ ਤਾਂ ਧਰਤੀ ਦੇ ਅੰਦਰ ਊਰਜਾ ਇਕੱਠੀ ਹੋ ਜਾਂਦੀ ਹੈ। ਜਦੋਂ ਇਹ ਊਰਜਾ ਅਚਾਨਕ ਬਾਹਰ ਨਿਕਲਦੀ ਹੈ ਤਾਂ ਧਰਤੀ ਦੀ ਸਤ੍ਹਾ ‘ਤੇ ਕੰਪਨ ਪੈਦਾ ਹੁੰਦਾ ਹੈ, ਜਿਸ ਨੂੰ ਅਸੀਂ ਭੂਚਾਲ ਦੇ ਰੂਪ ਵਿੱਚ ਮਹਿਸੂਸ ਕਰਦੇ ਹਾਂ।










