ਨਵੀਂ ਦਿੱਲੀ : ਸਰਕਾਰ ਨੇ ਪ੍ਰਮੁੱਖ ਉਪਭੋਗਤਾ ਕੇਂਦਰਾਂ ਤੱਕ ਪਿਆਜ ਦੇ ਬਫਰ ਸਟੌਕ ਦੀ ਯੋਜਨਾਬੱਧ ਸਪਲਾਈ ਸ਼ੁਰੂ ਕਰ ਦਿੱਤੀ ਹੈ। ਇਸ ਲਈ ਰੇਲਵੇ ਰੈਕਾਂ (ਕਾਂਦਾ ਐਕਸਪ੍ਰੈੱਸ) ਅਤੇ ਸੜਕੀ ਆਵਾਜਾਈ ਦਾ ਹਾਈਬ੍ਰਿਡ ਮਾਡਲ ਅਪਣਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਪਿਆਜ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣਾ ਅਤੇ ਮੌਸਮੀ ਕੀਮਤਾਂ ਦੇ ਦਬਾਅ ਨੂੰ ਘਟਾਉਣਾ ਹੈ। ਕੀਮਤ ਸਥਿਰਤਾ ਫੰਡ (PSF) ਅਧੀਨ ਰੱਖੇ ਗਏ ਪਿਆਜ ਦੇ ਬਫਰ ਸਟੌਕ ਦੀ ਸਪਲਾਈ 24 ਅਗਸਤ 2026 ਤੋਂ ਭਾਰਤੀ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਵੰਡ ਸੰਘ ਲਿਮਿਟੇਡ (ਨੇਫੇਡ) ਅਤੇ ਭਾਰਤੀ ਰਾਸ਼ਟਰੀ ਸਹਿਕਾਰੀ ਉਪਭੋਗਤਾ ਸੰਘ ਲਿਮਿਟੇਡ (NCCF) ਰਾਹੀਂ ਸ਼ੁਰੂ ਹੋਈ।
ਇਸ ਪਹਿਲ ਅਧੀਨ, ਨਾਸਿਕ ਤੋਂ ਕਾਂਦਾ ਐਕਸਪ੍ਰੈੱਸ ਦੀਆਂ ਦੋ ਖੇਪਾਂ ਭੇਜੀਆਂ ਗਈਆਂ ਹਨ। 450 ਮੀਟ੍ਰਿਕ ਟਨ ਪਿਆਜ ਦੀ ਪਹਿਲੀ ਖੇਪ 27 ਅਗਸਤ 2026 ਨੂੰ ਦੇਰ ਰਾਤ ਦਿੱਲੀ ਪਹੁੰਚੀ। ਇਸ ਵਿੱਚੋਂ 140 ਮੀਟ੍ਰਿਕ ਟਨ ਪਿਆਜ ਵਾਰਾਣਸੀ, ਲਖਨਊ, ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿੱਚ ਅਤੇ ਬਾਕੀ ਬਚਿਆ ਦਿੱਲੀ-ਐੱਨਸੀਆਰ ਖੇਤਰ ਵਿੱਚ ਵੰਡਿਆ ਗਿਆ।
840 ਮੀਟ੍ਰਿਕ ਟਨ ਪਿਆਜ ਨਾਲ ਭਰੀ ਹੋਈ ਦੂਜੀ ਵੈਨ 31 ਅਗਸਤ 2026 ਨੂੰ ਚੇੱਨਈ ਪਹੁੰਚੀ। ਤਮਿਲ ਨਾਡੂ ਸਰਕਾਰ ਨੇ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐੱਸ.) ਰਾਹੀਂ ਪ੍ਰਤੀ ਕਾਰਡ 1 ਕਿਲੋ ਪਿਆਜ ਦੀ ਜ਼ਰੂਰਤ ਮੁਤਾਬਕ ਵੰਡ ਕਰਨ ਦੀ ਯੋਜਨਾ ਬਣਾਈ ਹੈ। ਤਮਿਲ ਨਾਡੂ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਸਤਾਵਿਤ ਜ਼ਿਲ੍ਹਾ-ਵਾਰ ਕਲਸਟਰਿੰਗ ਦੇ ਅਨੁਸਾਰ ਪਿਆਜ ਦੀ ਵੰਡ ਹੋਣ ਦੀ ਸੰਭਾਵਨਾ ਹੈ।
| ਲੜੀ ਨੰ. | ਖੇਤਰ | ਜ਼ਿਲ੍ਹਿਆਂ ਦਾ ਵੇਰਵਾ |
| 1 | ਉੱਤਰ | ਚੇੱਨਈ ਪੀਡੀਐੱਸ1 + ਚੇੱਨਈ ਪੀਡੀਐੱਸ 2 |
| 2 | ਉੱਤਰ | ਥਿਰੂਵੱਲੁਰ + ਕਾਂਚੀਪੁਰਮ + ਚੇਂਗਲਪੱਟੂ + ਵੇੱਲੋਰ + ਰਾਣੀਪੇਟ + ਥਿਰੂਪੱਤੂਰ |
| 3 | ਉੱਤਰ | ਥਿਰੂਵੰਨਾਮਲਾਈ+ ਵਿੱਲੁਪੁਰਮ + ਕੱਲਾਕੁਰਿਚੀ |
| 4 | ਪੱਛਮ | ਕੋਇੰਬਟੂਰ + ਨੀਲਗਿਰੀ |
| 5 | ਪੱਛਮ | ਥਿਰੂੱਪੁਰ + ਇਰੋਡ |
| 6 | ਪੱਛਮ | ਸੇਲਮ+ ਨਮੱਕਲ + ਧਰਮਪੁਰੀ + ਕ੍ਰਿਸ਼ਣਾਗਿਰੀ |
| 7 | ਪੂਰਬ | ਕੁੱਡਾਲੋਰ+ ਮਯਿਲਾਦੁਥੁਰਾਈ |
| 8 | ਪੂਰਬ | ਨਾਗਪੱਟਿਨਮ + ਥਿਰੁਵਰੂਰ |
| 9 | ਕੇਂਦਰੀ | ਅਰਿਆਲੁਰ + ਪੈਰਾਮਬਾਲੁਰ |
| 10 | ਕੇਂਦਰੀ | ਤਿਰੂਚੀ + ਕਰੂਰ |
| 11 | ਕੇਂਦਰੀ | ਤੰਜਾਵੁਰ + ਪੁਦੁੱਕੋੱਟਈ |
| 12 | ਦੱਖਣੀ | ਮਦੁਰਈ + ਡਿੰਡੀਗੁਲ |
| 13 | ਦੱਖਣੀ | ਥੇਨੀ+ ਵਿਰੁਧੂਨਗਰ |
| 14 | ਦੱਖਣੀ | ਸ਼ਿਵਗੰਗਾ + ਰਾਮਨਾੱਤਨਾਪੁਰਮ |
| 15 | ਦੱਖਣੀ | ਥਿਰੂਨੇਲਵੇਲੀ+ ਤੇਨਕਾਸੀ |
| 16 | ਦੱਖਣੀ | ਤੂਤੀਕੋਰਿਨ+ ਕੰਨਿਆਕੁਮਾਰੀ |
ਲਗਭਗ 1,000 ਮੀਟ੍ਰਿਕ ਟਨ ਪਿਆਜ ਸੜਕੀ ਮਾਰਗ ਦੁਆਰਾ ਲੈ ਜਾਇਆ ਜਾ ਰਿਹਾ ਹੈ
ਬਜ਼ਾਰ ਦੀਆਂ ਮੌਜੂਦਾ ਸਥਿਤੀਆਂ ਅਤੇ ਕੀਮਤਾਂ ਦੇ ਰੁਝਾਨਾਂ ਦੇ ਅਧਾਰ ‘ਤੇ, ਉਪਲਬਧਤਾ ਵਿੱਚ ਸੁਧਾਰ ਲਿਆਉਣ ਅਤੇ ਮੌਸਮੀ ਕੀਮਤਾਂ ‘ਤੇ ਦਬਾਅ ਨੂੰ ਘਟਾਉਣ ਦੇ ਉਦੇਸ਼ ਨਾਲ, ਲਗਭਗ 1,000 ਮੀਟ੍ਰਿਕ ਟਨ ਪਿਆਜ ਨੂੰ ਸੜਕੀ ਮਾਰਗ ਰਾਹੀਂ ਪ੍ਰਮੁੱਖ ਉਪਭੋਗਤਾ ਕੇਂਦਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਵਿਆਪਕ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ 19 ਸ਼ਹਿਰਾਂ ਵਿੱਚ ਰਿਟੇਲ ਵਿਕਰੀ ਦਾ ਵਿਸਤਾਰ ਕੀਤਾ ਗਿਆ ਹੈ ਜਿਸ ਵਿੱਚ ਢੁਆਈ ਦੇ ਲਈ 30 ਤੋਂ ਵੱਧ ਟਰੱਕ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਸ਼ਹਿਰਾਂ ਵਿੱਚ ਦਿੱਲੀ, ਜੈਪੁਰ, ਜੰਮੂ, ਦੇਹਰਾਦੂਨ, ਸ਼ਿਮਲਾ, ਅੰਮ੍ਰਿਤਸਰ, ਚੰਡੀਗੜ੍ਹ, ਕੋਲਕਾਤਾ, ਗੁਵਾਹਾਟੀ, ਲਖਨਊ, ਵਾਰਾਣਸੀ, ਪਟਨਾ, ਭੋਜਪੁਰ (ਬਿਹਾਰ), ਸ਼ਰੀਫ (ਬਿਹਾਰ), ਭੁਵਨੇਸ਼ਵਰ, ਚੇੱਨਈ, ਮਦੁਰਈ, ਤ੍ਰਿਸ਼ੂਰ ਅਤੇ ਕੋਚੀ ਸ਼ਾਮਲ ਹਨ। ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਬੀ.ਐੱਲ. ਵਰਮਾ ਨੇ ਲਖਨਊ ਵਿੱਚ ਵੀ ਇਸ ਰਿਟੇਲ ਪਹਿਲ ਦੀ ਸ਼ੁਰੂਆਤ ਕੀਤੀ ਹੈ।
ਰਿਟੇਲ ਪਿਆਜ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਪਲਬਧ ਹੈ
ਐੱਨ.ਸੀ.ਸੀ.ਐੱਫ., ਐੱਨ.ਏ.ਐੱਫ.ਈ.ਡੀ., ਕੇਂਦਰੀ ਭੰਡਾਰ ਦੇ ਆਉਟਲੇਟਸ ਅਤੇ ਮੋਬਾਈਲ ਵੈਨ ਰਾਹੀਂ ਪਿਆਜ ਦੀ ਰਿਟੇਲ ਵਿਕਰੀ 35 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਜਾਰੀ ਹੈ, ਜਿਸ ਨਾਲ ਖਪਤਕਾਰਾਂ ਨੂੰ ਕਿਫਾਇਤੀ ਕੀਮਤਾਂ ‘ਤੇ ਪਿਆਜ ਉਪਲਬਧ ਹੋ ਰਿਹਾ ਹੈ। ਹੁਣ ਤੱਕ ਲਗਭਗ 669 ਮੀਟ੍ਰਿਕ ਟਨ ਪਿਆਜ ਦੀ ਵਿਕਰੀ ਹੋ ਚੁੱਕੀ ਹੈ, ਜਿਸ ਵਿੱਚੋਂ 223 ਮੀਟ੍ਰਿਕ ਟਨ ਈ-ਐੱਨਏਐੱਮ ਪੋਰਟਲ (e-NAM portal) ਅਤੇ ਇਸੇ ਤਰ੍ਹਾਂ ਦੇ ਔਨਲਾਈਨ ਪਲੈਟਫਾਰਮ ਰਾਹੀਂ ਮੌਜੂਦਾ ਮੰਡੀ ਕੀਮਤਾਂ ‘ਤੇ ਥੋਕ ਚੈਨਲਾਂ ਦੁਆਰਾ ਅਤੇ 446 ਮੀਟ੍ਰਿਕ ਟਨ ਰਿਟੇਲ ਚੈਨਲਾਂ ਦੁਆਰਾ ਦੇਸ਼ ਭਰ ਵਿੱਚ ਵੇਚੀ ਗਈ ਹੈ।
ਵਧੀ ਹੋਈ ਉਪਲਬਧਤਾ ਕੀਮਤਾਂ ਨੂੰ ਨਿਯੰਤ੍ਰਿਤ ਕਰਨ ਵਿੱਚ ਸਹਾਇਕ ਹੈ।
ਵਾਰਾਣਸੀ, ਅੰਮ੍ਰਿਤਸਰ, ਦਿੱਲੀ ਅਤੇ ਆਲੇ-ਦੁਆਲੇ ਦੇ ਬਜ਼ਾਰਾਂ ਵਿੱਚ ਬਫਰ ਸਟੌਕ ਨਾਲ ਪਿਆਜ ਦੀ ਸਪਲਾਈ ਸ਼ੁਰੂ ਹੋਣ ਨਾਲ ਬਜ਼ਾਰ ਵਿੱਚ ਉਪਲਬਧਤਾ ਵਧੀ ਹੈ ਅਤੇ ਕੀਮਤਾਂ ਵਿੱਚ ਕਮੀ ਆਈ ਹੈ। ਵਿਕਰੀ ਸ਼ੁਰੂ ਹੋਣ ਦੇ ਅਗਲੇ ਦਿਨ ਤੋਂ ਹੀ ਕੀਮਤਾਂ ਵਿੱਚ ਗਿਰਾਵਟ ਦੇਖੀ ਗਈ ਹੈ ਅਤੇ ਸਪਲਾਈ ਵਧਣ ਨਾਲ ਕੀਮਤਾਂ ਵਿੱਚ ਸਥਿਰਤਾ ਆਉਣ ਦੀ ਉਮੀਦ ਹੈ।
ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ
ਲਗਭਗ 3,400 ਕਿਸਾਨਾਂ ਨੂੰ ਸਿੱਧੇ 210 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ, ਜਿਸ ਨਾਲ ਸਮੇਂ ਸਿਰ ਭੁਗਤਾਨ ਯਕੀਨੀ ਹੋਇਆ ਹੈ। ਸਰਕਾਰ ਪਿਆਜ ਕਿਸਾਨਾਂ ਨੂੰ ਸਮਰਥਨ ਦੇਣ ਦੇ ਨਾਲ-ਨਾਲ ਖਪਤਕਾਰਾਂ ਲਈ ਢੁਕਵੀਂ ਅਤੇ ਕਿਫਾਇਤੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਸਰਕਾਰ ਨੇ ਰੇਲਵੇ ਰੈਕਾਂ ਰਾਹੀਂ ਵੱਡੀ ਮਾਤਰਾ ਵਿੱਚ ਪਿਆਜ ਦੇ ਟ੍ਰਾਂਸਪੋਰਟੇਸ਼ਨ ਅਤੇ ਸਪਲਾਈ ਦੌਰਾਨ ਮਜ਼ਬੂਤ ਸੁਰੱਖਿਆ ਉਪਾਅ ਵੀ ਲਾਗੂ ਕੀਤੇ ਹਨ।
