ਗੁਰਦਾਸਪੁਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ 18 ਸਤੰਬਰ ਨੂੰ ਬਟਾਲਾ ਵਿਖੇ ਹੋਣ ਵਾਲੇ ਧਾਰਮਿਕ ਪ੍ਰੋਗਰਾਮ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਸਿਮਰਨ ਸਿੰਘ ਢਿੱਲੋਂ ਨੇ ਭਾਰਤੀ ਸਿਵਲ ਡਿਫੈਂਸ ਕੋਡ, 2023 ਦੀ ਧਾਰਾ 163 ਤਹਿਤ ਇਕ ਹੁਕਮ ਜਾਰੀ ਕਰਦਿਆਂ ਸਬ-ਡਿਵੀਜ਼ਨ ਬਟਾਲਾ ਵਿੱਚ 14 ਸਤੰਬਰ ਤੋਂ 18 ਸਤੰਬਰ , 2026 ਤੱਕ ਟਰੈਕਟਰਾਂ ਅਤੇ ਹੋਰ ਵਾਹਨਾਂ ‘ਤੇ ਹੁਲੜਬਾਜ਼ੀ ਕਰਨ , ਲਾਊਡ ਸਪੀਕਰ ਵਜਾਉਣ ਅਤੇ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾਈ ਗਈ ਹੈ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਵਿਆਹ ਪੁਰਬ ਮੌਕੇ ਲੱਗਣ ਵਾਲੇ ਧਾਰਮਿਕ ਮੇਲੇ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਟਰੈਕਟਰਾਂ ਤੇ ਹੋਰ ਵਾਹਨਾਂ ’ਤੇ ਹੰਗਾਮਾ ਕਰਨ, ਉੱਚੀ ਆਵਾਜ਼ ਵਿੱਚ ਵੱਡੇ ਸਪੀਕਰਾਂ ਦੀ ਵਰਤੋਂ ਕਰਨ ਅਤੇ ਬੁਲਟ ਮੋਟਰਸਾਈਕਲਾਂ ’ਤੇ ਪਟਾਕੇ ਚਲਾਉਂਦੇ ਹਨ । ਇਸ ਕਾਰਨ ਆਮ ਲੋਕਾਂ ਖਾਸ ਕਰਕੇ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਧਾਰਮਿਕ ਪ੍ਰੋਗਰਾਮਾਂ ਦੌਰਾਨ ਅਮਨ-ਸ਼ਾਂਤੀ ਅਤੇ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੇ ਹੰਗਾਮਾ, ਲਾਊਡ ਸਪੀਕਰ ਵਜਾਉਣ ਅਤੇ ਬੁਲਟ ਮੋਟਰਸਾਈਕਲਾਂ ਵੱਲੋਂ ਪਟਾਕੇ ਚਲਾਉਣ ‘ਤੇ ਰੋਕ ਲਗਾਉਣੀ ਜ਼ਰੂਰੀ ਹੈ। ਇਹ ਹੁਕਮ 14 ਸਤੰਬਰ, 2026 ਤੋਂ 18 ਸਤੰਬਰ, 2026 ਤੱਕ ਲਾਗੂ ਰਹੇਗਾ।












