Home ਪੰਜਾਬ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਦਾ ਪ੍ਰਸ਼ਾਸਨ ਤੇ ਨਗਰ ਪੰਚਾਇਤ ਦੀ...

ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਦਾ ਪ੍ਰਸ਼ਾਸਨ ਤੇ ਨਗਰ ਪੰਚਾਇਤ ਦੀ ਘੋਰ ਅਣਗਹਿਲੀ ਕਾਰਨ ਹੋਇਆ ਦੇਹਾਂਤ

0

ਸ੍ਰੀ ਚਮਕੌਰ ਸਾਹਿਬ: ਸੀਨੀਅਰ ਪੰਜਾਬੀ ਫਿਲਮ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸੀਨੀਅਰ ਪੱਤਰਕਾਰ ਅਤੇ ਸਿੱਖਿਆ ਸ਼ਾਸਤਰੀ ਸਵਰਨ ਸਿੰਘ ਭੰਗੂ ਦਾ ਦੁਖਦਾਈ ਦੇਹਾਂਤ ਹੋ ਗਿਆ ਹੈ। ਸਵਰਨ ਸਿੰਘ ਭੰਗੂ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਦੀ ਘੋਰ ਅਣਗਹਿਲੀ ਕਾਰਨ ਸ੍ਰੀ ਚਮਕੌਰ ਸਾਹਿਬ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਦੇ ਹਨੇਰੇ ਵਿੱਚ ਉਹ ਆਪਣੇ ਸਾਈਕਲ ਸਮੇਤ ਇੱਕ ਖੁੱਲ੍ਹੇ ਨਾਲੇ ਵਿੱਚ ਡਿੱਗ ਪਏ ਅਤੇ ਸਾਰੀ ਰਾਤ ਉੱਥੇ ਹੀ ਪਏ ਰਹੇ। ਜਦੋਂ ਸਵੇਰੇ ਸਥਾਨਕ ਲੋਕਾਂ ਨੇ ਉਸ ਨੂੰ ਬਾਹਰ ਕੱਢਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਦਰਦਨਾਕ ਘਟਨਾ ਤੋਂ ਬਾਅਦ ਕੇਵਲ ਸ੍ਰੀ ਚਮਕੌਰ ਸਾਹਿਬ ਵਿੱਚ ਹੀ ਨਹੀਂ ਬਲਕਿ ਪੂਰੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵਿੱਚ ਸੋਗ ਦੀ ਲਹਿਰ ਹੈ।

ਫਿਲਮ ਜਗਤ ਅਤੇ ਸਮਾਜ ਵਿੱਚ ਸੋਗ ਦੀ ਲਹਿਰ
ਸਵਰਨ ਸਿੰਘ ਭੰਗੂ ਦੇ ਦੇਹਾਂਤ ਤੋਂ ਬਾਅਦ ਜਿੱਥੇ ਪੰਜਾਬੀ ਫਿਲਮ ਅਤੇ ਸੰਗੀਤ ਜਗਤ ਦੀਆਂ ਮਸ਼ਹੂਰ ਹਸਤੀਆਂ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੀਆਂ ਹਨ, ਉੱਥੇ ਹੀ ਵੱਡੀ ਗਿਣਤੀ ਲੋਕ ਸੋਸ਼ਲ ਮੀਡੀਆ ‘ਤੇ ਵੀ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।

ਸਮਾਜ ਸੇਵਾ ਅਤੇ ਸਿੱਖਿਆ ਵਿੱਚ ਪਾਇਆ ਅਮੁੱਲ ਯੋਗਦਾਨ
ਸਵਰਨ ਸਿੰਘ ਭੰਗੂ ਪੱਤਰਕਾਰੀ ਰਾਹੀਂ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣਦੇ ਰਹੇ। ਇਸ ਦੇ ਨਾਲ ਹੀ ਉਨ੍ਹਾਂ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਨੇ ਅਣਗਿਣਤ ਲੋੜਵੰਦ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ, ਜਿਸ ਕਾਰਨ ਅੱਜ ਉਨ੍ਹਾਂ ਦੇ ਯਤਨਾਂ ਸਦਕਾ ਉੱਚ ਅਹੁਦਿਆਂ ‘ਤੇ ਪਹੁੰਚੇ ਵਿ ਦਿਆਰਥੀ ਡੂੰਘੇ ਸਦਮੇ ‘ਚ ਹਨ। ਉਨ੍ਹਾਂ ਨੇ ਨਾਟਕਾਂ ਅਤੇ ਸਮਾਜਿਕ ਸੈਮੀਨਾਰਾਂ ਰਾਹੀਂ ਲੋਕਾਂ ਨੂੰ ਬੁਰਾਈਆਂ ਵਿਰੁੱਧ ਜਾਗਰੂਕ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

ਜਾਂਦੇ-ਜਾਂਦੇ ਵੀ ਦੇ ਕੇ ਗਏ ਮਨੁੱਖਤਾ ਦਾ ਸੁਨੇਹਾ
ਸਵਰਨ ਸਿੰਘ ਭੰਗੂ ਨੇ ਆਪਣੇ ਜੀਵਨ ਕਾਲ ਦੌਰਾਨ ਆਪਣਾ ਸਰੀਰ ਪੀ.ਜੀ.ਆਈ. ਚੰਡੀਗੜ੍ਹ ਨੂੰ ਦਾਨ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਤਹਿਤ 6 ਜੂਨ ਨੂੰ ਅੰਤਿਮ ਦਰਸ਼ਨਾਂ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਪੀ.ਜੀ.ਆਈ. ਚੰਡੀਗੜ੍ਹ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version