ਨਵੀਂ ਦਿੱਲੀ : ਇੰਟਰਨੈਸ਼ਨਲ ਐਮੀ ਅਵਾਰਡਸ ਦੇ ਨਾਮੀਨੇਸ਼ਨ ਦਾ ਐਲਾਨ ਹੋ ਗਿਆ ਹੈ। ਇਨ੍ਹਾਂ ਨਾਮੀਨੇਸ਼ਨਾਂ ਵਿੱਚ ਨੈੱਟਫਲਿਕਸ ਦੀ ਫਿਲਮ ਅਤੇ ਗਾਇਕ ਦਿਲਜੀਤ ਦੋਸਾਂਝ ਨੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਦਿਲਜੀਤ ਦੋਸਾਂਝ ਨੇ ਬੈਸਟ ਐਕਟਰ ਦਾ ਨਾਮੀਨੇਸ਼ਨ ਹਾਸਲ ਕੀਤਾ ਹੈ। ਇਹ ਨਾਮੀਨੇਸ਼ਨ ਉਨ੍ਹਾਂ ਨੂੰ ਨੈੱਟਫਲਿਕਸ ਦੀ ਫ਼ਿਲਮ ਅਮਰ ਸਿੰਘ ਚਮਕੀਲਾ ਲਈ ਮਿਲੀ ਹੈ। ਫ਼ਿਲਮ ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ। ਉੱਥੇ ਹੀ ਭਾਰਤ ਨੂੰ ਦੂਜਾ ਨਾਮੀਨੇਸ਼ਨ ਵੀ ਅਮਰ ਸਿੰਘ ਚਮਕੀਲਾ ਲਈ ਮਿਲਿਆ ਹੈ। ਟੀ.ਵੀ. ਫ਼ਿਲਮ/ਮਿਨੀ-ਸੀਰੀਜ਼ ਸ਼੍ਰੇਣੀ ਵਿੱਚ ਵੀ ਅਮਰ ਸਿੰਘ ਚਮਕੀਲਾ ਨੇ ਜਗ੍ਹਾ ਬਣਾਈ ਹੈ। ਇਸ ਤਰ੍ਹਾਂ ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੀ ਫ਼ਿਲਮ ਨੇ ਵੱਡੀ ਉਪਲੱਬਧੀ ਹਾਸਲ ਕੀਤੀ ਹੈ।
ਅਮਰ ਸਿੰਘ ਚਮਕੀਲਾ 2024 ਵਿੱਚ ਨੈੱਟਫਲਿਕਸ ‘ਤੇ ਰਿਲੀਜ਼ ਹੋਇਆ ਸੀ। ਇਸ ਫਿਲਮ ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਅਤੇ ਮੁੱਖ ਭੂਮਿਕਾ ਵਿੱਚ ਦਿਲਜੀਤ ਦੋਸਾਂਝ ਨੇ ਚਮਕੀਲਾ ਦਾ ਕਿਰਦਾਰ ਨਿਭਾਇਆ, ਜਦਕਿ ਉਨ੍ਹਾਂ ਦੇ ਨਾਲ ਪ੍ਰੀਨਿਤੀ ਚੋਪੜਾ ਨਜ਼ਰ ਆਈਆਂ। ਫਿਲਮ ਵਿੱਚ ਪੰਜਾਬ ਦੇ ਮਸ਼ਹੂਰ ਸਿੰਗਰ ਚਮਕੀਲਾ ਦੀ ਜ਼ਿੰਦਗੀ, ਉਨ੍ਹਾਂ ਦੇ ਸੰਘਰਸ਼, ਲੋਕਪ੍ਰਿਯਤਾ ਅਤੇ ਹੱਤਿਆ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਫਿਲਮ ਵਿੱਚ ਏ.ਆਰ. ਰਹਿਮਾਨ ਦਾ ਸੰਗੀਤ ਹੈ।
ਇੰਟਰਨੈਸ਼ਨਲ ਅਕੈਡਮੀ ਆਫ ਟੈਲੀਵਿਜ਼ਨ ਆਰਟਸ ਐਂਡ ਸਾਇੰਸਜ਼ ਨੇ ਅੱਜ 2025 ਦੇ ਅੰਤਰਰਾਸ਼ਟਰੀ ਐਮੀ ਅਵਾਰਡਾਂ ਲਈ ਨਾਮੀਨੇਸ਼ਨ ਦਾ ਐਲਾਨ ਕੀਤਾ। 16 ਸ਼੍ਰੇਣੀਆਂ ਵਿੱਚ 26 ਦੇਸ਼ਾਂ ਤੋਂ 64 ਦਾਵੇਦਾਰ ਹਨ। ਇੰਟਰਨੈਸ਼ਨਲ ਅਕੈਡਮੀ ਦੇ ਪ੍ਰਧਾਨ ਅਤੇ ਸੀ.ਈ.ਓ. ਬਰੂਸ ਐਲ. ਪੈਸਨਰ ਨੇ ਕਿਹਾ, “ਜਿਵੇਂ ਕਿ ਇੰਟਰਨੈਸ਼ਨਲ ਐਮੀਜ਼ ਟੈਲੀਵਿਜ਼ਨ ਵਿੱਚ ਸਭ ਤੋਂ ਵਧੀਆ ਨੂੰ ਮਾਨਤਾ ਦੇਣਾ ਜਾਰੀ ਰੱਖਦੇ ਹਨ, ਇਸ ਸਾਲ ਦੇ ਨਾਮੀਨੇਸ਼ਨ ਵਿਅਕਤੀਆਂ ਦੀ ਰਚਨਾਤਮਕਤਾ ਅਤੇ ਯੋਗਤਾ, ਜੋ ਕਿ ਰਿਕਾਰਡ 26 ਦੇਸ਼ਾਂ ਤੋਂ ਹਨ, ਸਾਡੇ ਉਦਯੋਗ ਦੀ ਵਿਸ਼ਵਵਿਆਪੀ ਤਾਕਤ ਨੂੰ ਦਰਸਾਉਂਦੀ ਹੈ। ਇਸ ਨਵੰਬਰ ਵਿੱਚ, ਨਿਊਯਾਰਕ ਸਿਟੀ ਇੱਕ ਵਾਰ ਫਿਰ ਗਲੋਬਲ ਸਟੇਜ ਵਜੋਂ ਕੰਮ ਕਰੇਗਾ ਜਿੱਥੇ ਅਸੀਂ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਸਨਮਾਨ ਕਰਾਂਗੇ।”











