ਮੋਹਾਲੀ: ਪੰਜਾਬ ਵਿੱਚ ਹੋਈਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੂਬੇ ਦੀ ਸਿਆਸਤ ਵਿੱਚ ਆਪਣੀ ਮਜ਼ਬੂਤ ਪਕੜ ਦਰਸਾਈ ਹੈ। ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਦੌਰਾਨ ਜਿਵੇਂ-ਜਿਵੇਂ ਨਤੀਜੇ ਸਾਹਮਣੇ ਆਏ, ‘ਆਪ’ ਨੇ ਵੱਡੇ ਅੰਤਰ ਨਾਲ ਬਹੁਤੀਆਂ ਸੀਟਾਂ ‘ਤੇ ਜਿੱਤ ਦਰਜ ਕਰ ਲਈ। ਹੁਣ ਤੱਕ ਮਿਲੇ ਅੰਕੜਿਆਂ ਮੁਤਾਬਕ ਪਾਰਟੀ ਨੇ ਲਗਭਗ 881 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਹੈ ਅਤੇ ਇਹ ਗਿਣਤੀ 900 ਦੇ ਨੇੜੇ ਪਹੁੰਚਦੀ ਦਿਖਾਈ ਦੇ ਰਹੀ ਹੈ।
ਇਹ ਚੋਣਾਂ ਪੰਜਾਬ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਕਰਵਾਈਆਂ ਗਈਆਂ ਸਨ। ਚੋਣ ਨਤੀਜਿਆਂ ਨੇ ਸੂਬੇ ਦੇ ਰਾਜਨੀਤਿਕ ਸਮੀਕਰਨਾਂ ਨੂੰ ਇੱਕ ਵਾਰ ਫਿਰ ਬਦਲ ਕੇ ਰੱਖ ਦਿੱਤਾ ਹੈ। ‘ਆਪ’ ਨੇ ਪਟਿਆਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਬਠਿੰਡਾ ਵਰਗੇ ਕਈ ਮਹੱਤਵਪੂਰਨ ਸ਼ਹਿਰਾਂ ਵਿੱਚ ਮਜ਼ਬੂਤ ਪ੍ਰਦਰਸ਼ਨ ਕੀਤਾ।
ਹਾਲਾਂਕਿ ਕਪੂਰਥਲਾ ਵਿੱਚ ਕਾਂਗਰਸ ਨੇ ਆਪਣਾ ਦਬਦਬਾ ਬਣਾਇਆ ਰੱਖਦਿਆਂ ਬਹੁਮਤ ਹਾਸਲ ਕੀਤਾ ਹੈ। ਕਾਂਗਰਸ ਲਈ ਇਹ ਨਤੀਜਾ ਕੁਝ ਹੱਦ ਤੱਕ ਰਾਹਤ ਭਰਿਆ ਮੰਨਿਆ ਜਾ ਰਿਹਾ ਹੈ, ਕਿਉਂਕਿ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਪਾਰਟੀ ਪਿੱਛੇ ਰਹੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਉਮੀਦਾਂ ਮੁਤਾਬਕ ਸਫਲਤਾ ਨਹੀਂ ਮਿਲੀ।
ਚੋਣ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵਿਕਾਸ ਅਤੇ ਇਮਾਨਦਾਰ ਰਾਜਨੀਤੀ ‘ਤੇ ਮੋਹਰ ਲਗਾਈ ਹੈ। ਉਨ੍ਹਾਂ ਨੇ ਭਾਜਪਾ ‘ਤੇ ਟਿੱਪਣੀ ਕਰਦਿਆਂ ਕਿਹਾ, “ਜੋ ਪਾਰਟੀ ਬੰਗਾਲ ਜਿੱਤਣ ਦੇ ਦਾਅਵੇ ਕਰਦੀ ਸੀ, ਉਹ ਪੰਜਾਬ ਵਿੱਚ ਪੰਜਵੇਂ ਸਥਾਨ ‘ਤੇ ਰਹੀ ਹੈ।” ਮਾਨ ਨੇ ਇਸ ਜਿੱਤ ਨੂੰ ਪੰਜਾਬ ਦੇ ਲੋਕਾਂ ਦੀ ਜਿੱਤ ਦੱਸਦੇ ਹੋਏ ਕਿਹਾ ਕਿ ਸਰਕਾਰ ਹੁਣ ਹੋਰ ਤੇਜ਼ੀ ਨਾਲ ਵਿਕਾਸ ਕਾਰਜਾਂ ਨੂੰ ਅੱਗੇ ਵਧਾਏਗੀ।
ਰਾਜਨੀਤਿਕ ਵਿਸ਼ਲੇਸ਼ਕਾਂ ਦੇ ਅਨੁਸਾਰ ਇਹ ਨਤੀਜੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਵੱਡੇ ਸੰਕੇਤ ਮੰਨੇ ਜਾ ਰਹੇ ਹਨ। ‘ਆਪ’ ਦੀ ਇਸ ਵੱਡੀ ਜਿੱਤ ਨੇ ਸੂਬੇ ਦੀ ਰਾਜਨੀਤੀ ਵਿੱਚ ਪਾਰਟੀ ਦੀ ਪਕੜ ਹੋਰ ਮਜ਼ਬੂਤ ਕਰ ਦਿੱਤੀ ਹੈ ਅਤੇ ਵਿਰੋਧੀ ਧਿਰਾਂ ਲਈ ਚਿੰਤਾ ਵਧਾ ਦਿੱਤੀ ਹੈ।
