ਉੱਤਰ ਪ੍ਰਦੇਸ਼ : ਮਿਰਜ਼ਾਪੁਰ ‘ਚ ਹੋਏ ਦਰਦਨਾਕ ਸੜਕ ਹਾਦਸੇ ‘ਚ ਪਿਓ-ਪੁੱਤ ਸਮੇਤ 4 ਲੋਕਾਂ ਦੀ ਜਾਨ ਚਲੀ ਗਈ। ਤੇਜ਼ ਰਫ਼ਤਾਰ ਸਵਿਫਟ ਗੱਡੀ ਪਹਿਲਾਂ ਸੜਕ ‘ਤੇ ਖੜ੍ਹੇ 2 ਲੋਕਾਂ ਨੂੰ ਕੁਚਲਦੀ ਹੋਈ ਅੱਗੇ ਵਧੀ ਤੇ ਫਿਰ ਹਾਈਵੇ ‘ਤੇ ਖੜ੍ਹੇ ਟਰੱਕ ‘ਚ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ। ਨਾਲ ਹੀ ਲਗਭਗ 50 ਮੀਟਰ ਤੱਕ ਉਸਦੇ ਟੁਕੜੇ ਖਿੰਡ ਗਏ।
ਮਿਰਜ਼ਾਪੁਰ ਵਿੱਚ ਦਰਦਨਾਕ ਸੜਕ ਹਾਦਸਾ
ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਕਾਰ ਵਿੱਚ ਫਸੇ ਪਿਤਾ ਅਤੇ ਪੁੱਤਰ ਨੂੰ ਬਾਹਰ ਕੱਢ ਲਿਆ। ਹਾਲਾਂਕਿ, ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾਂ ਦੀ ਪਛਾਣ ਬਾਬੂਲਾਲ (55) ਅਤੇ ਅਨੁਰਾਗ (22) ਵਜੋਂ ਹੋਈ ਹੈ। ਦੋਵੇਂ ਪ੍ਰਯਾਗਰਾਜ ਦੀ ਸੋਰਾਓਂ ਤਹਿਸੀਲ ਦੇ ਦੌਲਕਪੁਰ ਪਿੰਡ ਦੇ ਵਸਨੀਕ ਸਨ ਅਤੇ ਪ੍ਰਯਾਗਰਾਜ ਤੋਂ ਵਾਰਾਣਸੀ ਜਾ ਰਹੇ ਸਨ।
ਮਿਰਜ਼ਾਪੁਰ ਸੜਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ
ਇਹ ਭਿਆਨਕ ਸੜਕ ਹਾਦਸਾ ਸ਼ੁੱਕਰਵਾਰ ਸਵੇਰੇ ਕਰੀਬ 7:30 ਵਜੇ ਕਛਵਾ ਥਾਣਾ ਖੇਤਰ ਦੇ ਕਟਕਾ ਗੋਦਾਮ ਕੋਲ ਹੋਇਆ। ਸ਼ੁਰੂਆਤੀ ਜਾਂਚ ਵਿੱਚ ਹਾਦਸੇ ਦੇ 2 ਸੰਭਾਵਿਤ ਕਾਰਨ ਸਾਹਮਣੇ ਆਏ ਹਨ। ਧੁੰਦ ਅਤੇ ਝਪਕੀ ਆਉਣਾ। ਪੁਲਿਸ ਦਾ ਕਹਿਣਾ ਹੈ ਕਿ ਗੱਡੀ ਦੀ ਰਫ਼ਤਾਰ ਤੇਜ਼ ਸੀ ਅਤੇ ਘੱਟ ਵਿਜ਼ੀਬਿਲਟੀ ਕਰਕੇ ਡਰਾਈਵਰ ਸੜਕ ‘ਤੇ ਖੜ੍ਹੇ 2 ਲੋਕਾਂ ਨੂੰ ਨਹੀਂ ਦੇਖ ਸਕਿਆ। ਗੱਡੀ ਨਾਲ ਦਰੜੇ ਗਏ ਦੋਵਾਂ ਲੋਕਾਂ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।











