Home ਪੰਜਾਬ ਭੈਣ ਦੇ ਵਿਆਹ ਦੀ ਤਿਆਰੀਆਂ ਵਿਚਾਲੇ ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ

ਭੈਣ ਦੇ ਵਿਆਹ ਦੀ ਤਿਆਰੀਆਂ ਵਿਚਾਲੇ ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ

0

ਗੁਰਦਾਸਪੁਰ: ਦੁਸਹਿਰੇ ਵਾਲੇ ਦਿਨ ਗੁਰਦਾਸਪੁਰ ਦੇ ਪਿੰਡ ਠੂੰਡੀ ਨੇੜੇ ਵਾਪਰੇ ਸੜਕ ਹਾਦਸੇ ਵਿੱਚ 20 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮੋਟਰਸਾਈਕਲ ਅਤੇ ਸਕਾਰਪੀਓ ਗੱਡੀ ਵਿਚਾਲੇ ਹੋਈ ਟੱਕਰ ਨੇ ਇੱਕ ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ। ਮ੍ਰਿਤਕ ਆਪਣੀ ਵੱਡੀ ਭੈਣ ਦੇ ਅਗਲੇ ਮਹੀਨੇ ਹੋਣ ਵਾਲੇ ਵਿਆਹ ਦੇ ਸੱਦਾ ਪੱਤਰ ਵੰਡਣ ਲਈ ਰਿਸ਼ਤੇਦਾਰਾਂ ਦੇ ਘਰ ਗਿਆ ਹੋਇਆ ਸੀ।

ਮਿਲੀ ਜਾਣਕਾਰੀ ਮੁਤਾਬਕ, ਮ੍ਰਿਤਕ ਬਹਿਰਾਮਪੁਰ ਦੇ ਪਿੰਡ ਪਰਤਾ ਦਾ ਰਹਿਣ ਵਾਲਾ ਸੀ। ਉਹ ਆਪਣੀ ਭੂਆ ਨੂੰ ਪਿੰਡ ਠੂੰਡੀ ਛੱਡਣ ਅਤੇ ਭੈਣ ਦੇ ਵਿਆਹ ਦਾ ਕਾਰਡ ਦੇਣ ਲਈ ਉੱਥੇ ਆਇਆ ਸੀ। ਸਵੇਰੇ ਮੋਟਰਸਾਈਕਲ ’ਤੇ ਵਾਪਸ ਘਰ ਜਾਂਦੇ ਸਮੇਂ ਠੂੰਡੀ-ਤਾਜਪੁਰ ਰੋਡ ’ਤੇ ਇੱਕ ਤਿੱਖੇ ਮੋੜ ਨੇੜੇ ਉਸ ਦੀ ਸਕਾਰਪੀਓ ਗੱਡੀ ਨਾਲ ਟੱਕਰ ਹੋ ਗਈ।

ਟੱਕਰ ਦੌਰਾਨ ਨੌਜਵਾਨ ਸੜਕ ’ਤੇ ਡਿੱਗ ਪਿਆ ਅਤੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਛਾ ਗਿਆ।

ਪਰਿਵਾਰਕ ਮੈਂਬਰਾਂ ਅਨੁਸਾਰ, ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀ ਵੱਡੀ ਭੈਣ ਦਾ ਵਿਆਹ ਅਗਲੇ ਮਹੀਨੇ ਹੋਣਾ ਸੀ ਅਤੇ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪਰਿਵਾਰ ਇਸ ਖ਼ਾਸ ਮੌਕੇ ਦੀ ਉਡੀਕ ਕਰ ਰਿਹਾ ਸੀ, ਪਰ ਹਾਦਸੇ ਨੇ ਸਾਰੀਆਂ ਖ਼ੁਸ਼ੀਆਂ ਖੋਹ ਲਈਆਂ।

ਪਰਿਵਾਰ ਪਹਿਲਾਂ ਹੀ ਕੁਝ ਮਹੀਨੇ ਪਹਿਲਾਂ ਪਿਤਾ ਦੀ ਮੌਤ ਦਾ ਦੁੱਖ ਝੱਲ ਚੁੱਕਾ ਸੀ। ਹੁਣ ਘਰ ਦੇ ਇਕਲੌਤੇ ਪੁੱਤਰ ਦੀ ਮੌਤ ਨੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ। ਜਿਸ ਭਰਾ ਨੇ ਆਪਣੀ ਭੈਣ ਦੇ ਵਿਆਹ ਵਿੱਚ ਖ਼ੁਸ਼ੀਆਂ ਸਾਂਝੀਆਂ ਕਰਨੀਆਂ ਸਨ, ਉਹ ਵਿਆਹ ਤੋਂ ਪਹਿਲਾਂ ਹੀ ਦੁਨੀਆ ਨੂੰ ਅਲਵਿਦਾ ਕਹਿ ਗਿਆ।

ਇਸ ਦਰਦਨਾਕ ਘਟਨਾ ਤੋਂ ਬਾਅਦ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਲੋਕਾਂ ਨੇ ਤੇਜ਼ ਰਫ਼ਤਾਰ ਵਾਹਨਾਂ ’ਤੇ ਕਾਬੂ ਪਾਉਣ ਅਤੇ ਸੜਕਾਂ ’ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version