ਯਮੁਨਾਨਗਰ : ਹਰਿਆਣਾ ਦੇ ਯਮੁਨਾਨਗਰ ਦੇ ਸ਼ਾਸਤਰੀ ਕਾਲੋਨੀ ਵਿੱਚ ਉਸ ਸਮੇਂ ਹਫੜਾ-ਤਫੜੀ ਮੱਚ ਗਈ, ਜਦੋਂ ਇੱਕ ਇਲੈਕਟ੍ਰੀਕਲ ਸ਼ਾਪ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕ ਕੁੜੀ ਦੀ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਦੇ ਅਨੁਸਾਰ, ਸ਼ਾਸਤਰੀ ਕਲੋਨੀ ਵਿੱਚ ਰਾਮਾ ਐਂਟਰਪ੍ਰਾਈਜ਼ਿਜ਼ ਨਾਮ ਨਾਲ ਹੋਲਸੇਲ ਦੀ ਦੁਕਾਨ ਦਾ ਗੋਦਾਮ ਸੀ। ਉੱਥੇ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਸੁਚੇਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬਾਕੀ ਸਟਾਫ ਤਾਂ ਨਿਕਲ ਗਿਆ ਪਰ ਨੌਜਵਾਨ ਕੁੜੀ ਅੰਦਰ ਫਸ ਗਈ।
ਦੱਸ ਦਈਏ ਕਿ ਅੱਗ ਇੰਨੀ ਤੇਜ਼ ਸੀ ਕਿ ਅੰਦਰ ਵੜ ਕੇ ਉਸ ਨੂੰ ਬਾਹਰ ਨਿਕਲਣਾ ਅਸੰਭਵ ਸੀ। ਬਾਹਰ ਨਿਕਲਣ ਦਾ ਕੋਈ ਹੋਰ ਰਸਤਾ ਨਹੀਂ ਸੀ, ਜਿਸ ਦੇ ਬਾਅਦ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਦੋਂ ਤੱਕ ਅੱਗ ਨੂੰ ਕਾਬੂ ਪਾਕੇ ਅੰਦਰ ਫਸੀ ਕੁੜੀ ਨੂੰ ਬਾਹਰ ਕੱਢਿਆ ਗਿਆ, ਉਦੋ ਤੱਕ ਕੁੜੀ ਬੇਹੋਸ਼ ਹੋ ਗਈ ਅਤੇ ਉਸ ਨੂੰ ਹਸਪਤਾਲ ਲੈ ਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਯਮੁਨਾਨਗਰ ਪੁਲਿਸ ਸਟੇਸ਼ਨ ਦੇ ਇੰਚਾਰਜ ਨਰਿੰਦਰ ਸਿੰਘ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਉਹ ਮੌਕੇ ‘ਤੇ ਪਹੁੰਚੇ, ਅੱਗ ਬਹੁਤ ਤੇਜ਼ੀ ਨਾਲ ਫੈਲ ਰਹੀ ਸੀ ਅਤੇ ਕੁੜੀ ਅੰਦਰ ਫਸ ਗਈ ਸੀ। ਅੱਗ ‘ਤੇ ਕਾਬੂ ਪਾਉਣ ਤੋਂ ਬਾਅਦ, ਜਦੋਂ ਕੁੜੀ ਨੂੰ ਬਾਹਰ ਕੱਢਿਆ ਗਿਆ, ਬੇਹੋਸ਼ ਹਾਲਾਤ ਵਿੱਚ ਸੀ ਅਤੇ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਹਮੀਦਾ ਦੀ ਰਹਿਣ ਵਾਲੀ ਸ਼ਾਲਿਨੀ ਨਾਮ ਦੀ ਲੜਕੀ ਇੱਕ ਸਾਲ ਤੋਂ ਉੱਥੇ ਕੰਮ ਕਰ ਰਹੀ ਸੀ।
ਗੋਦਾਮ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਪਰ ਅੱਗ ਲੱਗਣ ਨਾਲ ਇੱਕ ਨੌਜਵਾਨ ਔਰਤ ਦੀ ਮੌਤ ਹੋ ਗਈ, ਜਦੋਂ ਕਿ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।











