ਮੱਧ ਪ੍ਰਦੇਸ਼ : ਬੀਤੀ ਸ਼ਾਮ ਇੰਦੌਰ ਏਅਰਪੋਰਟ ਕੰਪਲੈਕਸ ਦੇ ਕੋਲ ਅਚਾਨਕ ਅੱਗ ਲੱਗਣ ਨਾਲ ਹਫੜਾ-ਦਫੜੀ ਮੱਚ ਗਈ। ਜਿੱਥੇ ਸੁੱਕੀਆਂ ਝਾੜੀਆਂ ਵਿੱਚ ਲੱਗੀ ਅੱਗ ਨੇ ਕੁਝ ਹੀ ਦੇਰ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀਆਂ ਲਪਟਾਂ ਇੰਨੀਆਂ ਉੱਚੀਆਂ ਉੱਠ ਰਹੀਆਂ ਸਨ ਕਿ ਕਈ ਕਿਲੋਮੀਟਰ ਦੂਰ ਤੋਂ ਧੂੰਆਂ ਸਾਫ਼ ਦਿਖਾਈ ਦੇ ਰਿਹਾ ਸੀ। ਆਸ-ਪਾਸ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਧੂੰਆਂ ਉੱਠਦਾ ਦੇਖਿਆ ਅਤੇ ਇਸਦੀ ਸੂਚਨਾ ਪ੍ਰਸ਼ਾਸ਼ਨ ਨੂੰ ਦਿੱਤੀ।
ਸੁੱਕੀਆਂ ਝਾੜੀਆਂ ਵਿੱਚ ਲੱਗੀ ਅੱਗ
ਦੱਸਿਆ ਜਾ ਰਿਹਾ ਹੈ ਕਿ ਇੰਦੌਰ ਹਵਾਈ ਅੱਡੇ ਦੀ ਸੀਮਾ ਦੇ ਨੇੜੇ ਵੱਡੀ ਮਾਤਰਾ ਵਿੱਚ ਸੁੱਕੀਆਂ ਝਾੜੀਆਂ ਫੈਲੀਆਂ ਹੋਈਆਂ ਹਨ। ਗਰਮੀ ਅਤੇ ਲਗਾਤਾਰ ਸੁੱਕੇ ਮੌਸਮ ਕਾਰਨ, ਇਹ ਇਲਾਕਾ ਅੱਗ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਹੀ ਕਾਰਨ ਹੈ ਕਿ ਬੀਤੇ ਦਿਨ ਅਚਾਨਕ ਅੱਗ ਲੱਗ ਗਈ। ਹਵਾ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਕੁਝ ਸਮੇਂ ਲਈ ਦਹਿਸ਼ਤ ਦਾ ਮੌਹਾਲ ਬਣ ਗਿਆ।
ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਪਹੁੰਚੀਆਂ
ਸੂਚਨਾ ਮਿਲਣ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਅਧਿਕਾਰੀਆਂ ਦੇ ਅਨੁਸਾਰ, ਸ਼ੁਰੂ ਵਿੱਚ ਦੋ ਫਾਇਰ ਇੰਜਣਾਂ ਨੇ ਅੱਗ ਬੁਝਾਉਣ ਵਿੱਚ ਮਦਦ ਕੀਤੀ, ਪਰ ਬਾਅਦ ਵਿੱਚ ਸਾਵਧਾਨੀ ਵਜੋਂ ਵਾਧੂ ਗੱਡੀਆਂ ਮੰਗਵਾਈਆਂ ਗਈਆਂ। ਹਵਾਈ ਅੱਡੇ ਦੇ ਸਟਾਫ ਨੇ ਵੀ ਆਪਣੇ ਆਪ ਪਾਣੀ ਪਾ ਕੇ ਅੱਗ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।
ਮੌਕੇ ‘ਤੇ ਪਹੁੰਚੀ ਪੁਲਿਸ
ਘਟਨਾ ਦੀ ਜਾਣਕਾਰੀ ਮਿਲਦੇ ਹੀ ਏਅਰੋਡ੍ਰੌਮ ਪੁਲਿਸ ਸਟੇਸ਼ਨ ਦੀ ਪੁਲਿਸ ਵੀ ਮੌਕੇ ‘ਤੇ ਪਹੁੰਚੀ। ਰਾਹਤ ਦੀ ਗੱਲ ਇਹ ਹੈ ਕਿ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਇਸੇ ਇਲਾਕੇ ਵਿੱਚ ਝਾੜੀਆਂ ਵਿੱਚ ਅੱਗ ਲੱਗ ਗਈ ਸੀ। ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ‘ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਅੱਗ ਦੀਆਂ ਲਪਟਾਂ ਬਹੁਤ ਤੇਜ਼ ਸਨ। ਅੱਗ ਕਈ ਕਿਲੋਮੀਟਰ ਦੂਰ ਤੋਂ ਦਿਖਾਈ ਦੇ ਰਹੀ ਸੀ। ਇਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਸਾਵਧਾਨੀ ਵਜੋਂ, ਫਾਇਰ ਬ੍ਰਿਗੇਡ ਦੀ ਇੱਕ ਟੀਮ ਲਗਾਤਾਰ ਘਟਨਾ ਸਥਾਨ ‘ਤੇ ਮੌਜੂਦ ਹੈ। ਏਅਰ ਪੋਰਟ ਅਥਾਰਟੀ ਵੀ ਅਲਰਟ ਮੋਡ ‘ਤੇ ਹੈ।











