ਲੁਧਿਆਣਾ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇਂ ਵਿੱਚ ਸਵੇਰੇ-ਸਵੇਰੇ ਇੱਕ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਦਰਅਸਲ, ਲੁਧਿਆਣਾ ਦੇ ਵਿਅਸਤ ਅਤੇ ਪੌਸ਼ ਇਲਾਕੇ ਫਿਰੋਜ਼ਪੁਰ ਰੋਡ ਸਥਿਤ ਪਾਮ ਕੋਰਟ ਦੇ ਨਜ਼ਦੀਕ ਅੱਜ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਗਣਪਤੀ ਟਿੰਬਰ ਟਰੇਡਰਜ਼ ਦੇ ਵਿਸ਼ਾਲ ਗੋਦਾਮ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਗੋਦਾਮ ਵਿੱਚ ਭਾਰੀ ਮਾਤਰਾ ਵਿੱਚ ਲੱਕੜ, ਪਲਾਈਵੁੱਡ, ਵਿਨੀਅਰ ਅਤੇ ਹੋਰ ਇਮਾਰਤੀ ਸਾਮਾਨ ਰੱਖੇ ਹੋਣ ਕਾਰਨ ਅੱਗ ਨੇ ਕੁਝ ਹੀ ਮਿੰਟਾਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ।
ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਹਫੜਾ-ਤਫੜੀ ਮੱਚ ਗਈ ਅਤੇ ਲੋਕ ਘਬਰਾ ਕੇ ਆਪਣੇ ਘਰਾਂ ਅਤੇ ਦੁਕਾਨਾਂ ਤੋਂ ਬਾਹਰ ਨਿਕਲ ਆਏ। ਚਸ਼ਮਦੀਦਾਂ ਦੇ ਅਨੁਸਾਰ, ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਉੱਚੀਆਂ -ਉੱਚੀਆਂ ਅੱਗ ਦੀਆਂ ਲੱਪਟਾਂ ਦੂਰੋਂ ਦਿਖਾਈ ਦੇ ਰਹੀਆਂ ਸਨ। ਇਸ ਦੌਰਾਨ ਆਸਮਾਨ ਵਿੱਚ ਕਾਲੇ ਧੂੰਏ ਦਾ ਸੰਘਣਾ ਗੁਬਾਰ ਛਾ ਗਿਆ।
ਇਲਾਕਾ ’ਚ ਹਫੜਾ-ਤਫੜਾ ਦਾ ਮਾਹੌਲ
ਧੂੰਏਂ ਅਤੇ ਅੱਗ ਦੀਆਂ ਭਿਆਨਕ ਤਸਵੀਰਾਂ ਨੇ ਨੇੜਲੇ ਦੁਕਾਨਦਾਰਾਂ ਅਤੇ ਰਾਹਗੀਰਾਂ ਵਿੱਚ ਦਹਿਸ਼ਤ ਫੈਲਾ ਦਿੱਤੀ। ਕਈ ਲੋਕਾਂ ਨੇ ਤੁਰੰਤ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੂੰ ਘਟਨਾ ਬਾਰੇ ਸੂਚਿਤ ਦਿੱਤੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਏ। ਫਾਇਰ ਅਫ਼ਸਰ ਰਾਜਿੰਦਰ ਨੇ ਦੱਸਿਆ ਕਿ ਕੰਟਰੋਲ ਰੂਮ ਨੂੰ ਸਵੇਰੇ 7:10 ਵਜੇ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਮਿਲੀ ਸੀ।
ਇਸ ਤੋਂ ਬਾਅਦ ਬਿਨਾਂ ਕਿਸੇ ਦੇਰੀ ਦੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ। ਇਸ ਵੇਲੇ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ। ਗੋਦਾਮ ਵਿੱਚ ਲੱਕੜ ਅਤੇ ਪਲਾਈਵੁੱਡ ਵਰਗੀਆਂ ਬਹੁਤ ਜ਼ਿਆਦਾ ਜਲਣਸ਼ੀਲ ਸਮੱਗਰੀਆਂ ਦੀ ਮੌਜੂਦਗੀ ਕਾਰਨ, ਅੱਗ ਫੈਲਦੀ ਰਹੀ, ਜਿਸ ਕਾਰਨ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ
ਪ੍ਰਸ਼ਾਸਨ ਅਤੇ ਪੁਲਿਸ ਦੀਆਂ ਟੀਮਾਂ ਵੀ ਪਹੁੰਚੀਆਂ ਅਤੇ ਆਲੇ ਦੁਆਲੇ ਦੀ ਭੀੜ ਨੂੰ ਕਾਬੂ ਕਰਦੇ ਹੋਏ ਰਾਹਤ ਕਾਰਜਾਂ ਵਿੱਚ ਸਹਾਇਤਾ ਕਰ ਰਹੀਆਂ ਹਨ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਹੈ। ਖੁਸ਼ਕਿਸਮਤੀ ਨਾਲ, ਕਿਸੇ ਵੀ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਤੋਂ ਬਾਅਦ ਹੀ ਨੁਕਸਾਨ ਦਾ ਸਹੀ ਮੁਲਾਂਕਣ ਸੰਭਵ ਹੋਵੇਗਾ।












