ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਫਤਿਹਪੁਰ ਵਿੱਚ ਦੀਵਾਲੀ ਤੋਂ ਪਹਿਲਾਂ ਵੱਡੀ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਮਹਾਤਮਾ ਗਾਂਧੀ ਪੋਸਟ-ਗ੍ਰੈਜੂਏਟ ਕਾਲਜ ਦੇ ਪਰਿਸਰ ਵਿੱਚ ਲੱਗੇ ਪਟਾਕਿਆਂ ਦੇ ਬਾਜ਼ਾਰ ਵਿੱਚ ਅੱਜ ਦੁਪਹਿਰ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਪਟਾਕਿਆਂ ਦੇ ਤੀਬਰ ਧਮਾਕਿਆਂ ਦੇ ਨਾਲ ਅੱਗ ਇੱਕ ਤੋਂ ਦੂਜੀ ਦੁਕਾਨ ਵਿੱਚ ਫੈਲਦੀ ਚਲੀ ਗਈ। ਕੁਝ ਹੀ ਦੇਰ ਵਿੱਚ ਅੱਗ ਨੇ ਮੈਦਾਨ ਵਿੱਚ ਲੱਗੀਆਂ ਸਾਰੀਆਂ 60 ਤੋਂ ਵੱਧ ਪਟਾਕਿਆਂ ਦੀਆਂ ਦੁਕਾਨਾਂ ਨੂੰ ਸੜ ਕੇ ਸੁਆਹ ਕਰ ਦਿੱਤਾ। ਦੱਸਿਆ ਗਿਆ ਹੈ ਕਿ ਇਸ ਦੌਰਾਨ ਕਈ ਦੋ ਪਹੀਆਂ ਵਾਲੇ ਵਾਹਨ ਵੀ ਅੱਗ ਦੀ ਲਪੇਟ ਵਿੱਚ ਆ ਗਏ ਅਤੇ ਕਈ ਦੁਕਾਨਦਾਰ ਵੀ ਝੁਲਸ ਗਏ ਹਨ। ਧਮਾਕੇ ਅਤੇ ਧੂੰਏਂ ਦੇ ਨਾਲ ਪੂਰੇ ਖੇਤਰ ਵਿੱਚ ਦਹਿਸ਼ਤ ਫੈਲ ਗਈ।
ਅਚਾਨਕ ਅੱਗ ਲੱਗਣ ਨਾਲ ਦਹਿਸ਼ਤ
ਜਾਣਕਾਰੀ ਦੇ ਅਨੁਸਾਰ, ਉੱਤਰ ਪ੍ਰਦੇਸ਼ ਦੇ ਫਤਿਹਪੁਰ ਦੇ ਸ਼ਾਂਤੀ ਨਗਰ ਥਾਣਾ ਖੇਤਰ ਵਿੱਚ ਐਮਜੀ ਕਾਲਜ ਕੈਂਪਸ ਵਿੱਚ ਅਸਥਾਈ ਪਟਾਕੇ ਦੀ ਮਾਰਕੀਟ ਲਗਾਈ ਗਈ ਸੀ। ਦੱਸਿਆ ਗਿਆ ਹੈ ਕਿ ਅੱਜ ਦੁਪਹਿਰ ਨੂੰ ਇੱਕ ਪਟਾਕਿਆਂ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਅਚਾਨਕ ਲੱਗੀ ਅੱਗ ਹੌਲੀ-ਹੌਲੀ ਵਧਦੀ ਗਈ ਅਤੇ ਆਸ-ਪਾਸ ਦੀਆਂ ਕਈ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਘਟਨਾ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਅੱਗ ਕਾਰਨ ਪਟਾਕਿਆਂ ਵਿੱਚ ਹੋ ਰਹੇ ਤੇਜ਼ ਧਮਾਕਿਆਂ ਅਤੇ ਧੂੰਏਂ ਦੇ ਗੁਬਾਰ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਕਿਸੇ ਤਰ੍ਹਾਂ ਅੱਗ ‘ਤੇ ਕਾਬੂ ਪਾਇਆ।
60 ਤੋਂ ਵੱਧ ਪਟਾਕਿਆਂ ਦੀਆਂ ਦੁਕਾਨਾਂ ਸੜ ਗਈਆਂ
ਦੱਸਿਆ ਗਿਆ ਕਿ ਅੱਗ ਲੱਗਣ ਕਾਰਨ ਲਗਭਗ 60 ਤੋਂ ਵੱਧ ਪਟਾਕਿਆਂ ਦੀਆਂ ਦੁਕਾਨਾਂ ਸੜ ਗਈਆਂ। ਇਸ ਦੌਰਾਨ ਅੱਗ ਦੀ ਲਪੇਟ ਵਿੱਚ ਆਉਣ ਨਾਲ ਕਈ ਦੁਕਾਨਦਾਰ ਅਤੇ ਗਾਹਕ ਵੀ ਜ਼ਖ਼ਮੀ ਹੋਏ ਹਨ। ਮੌਕੇ ‘ਤੇ ਪੁਲਿਸ ਫੋਰਸ ਨੇ ਲੋਕਾਂ ਦੀ ਮਦਦ ਨਾਲ ਬਾਜ਼ਾਰ ਵਿੱਚ ਹੋਰ ਦੁਕਾਨਦਾਰਾਂ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਕਈ ਲੋਕ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਟਾਕਾ ਬਾਜ਼ਾਰ ਦੀਵਾਲੀ ਤੋਂ ਪਹਿਲਾਂ ਹਰ ਸਾਲ ਐਮ.ਜੀ. ਕਾਲਜ ਦੇ ਕੋਲ ਲੱਗਦਾ ਹੈ, ਜਿੱਥੇ ਵੱਡੀ ਗਿਣਤੀ ਵਿੱਚ ਵਪਾਰੀ ਆਰਜ਼ੀ ਦੁਕਾਨਾਂ ਲਗਾ ਕੇ ਪਟਾਕਿਆਂ ਦੀ ਵਿਕਰੀ ਕਰਦੇ ਹਨ। ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਇੱਥੇ ਸੁਰੱਖਿਆ ਦੇ ਪ੍ਰਬੰਧਾਂ ਦੇ ਨਿਰਦੇਸ਼ ਦਿੱਤੇ ਸਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਗ ਕਿਨ੍ਹਾਂ ਕਾਰਨਾਂ ਕਰਕੇ ਲੱਗੀ। ਉੱਥੇ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ‘ਤੇ ਧਿਆਨ ਨਾ ਦੇਣ।











