ਖੇੜਾ : ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਕਪੜਵੰਜ ਵਿੱਚ ਇੱਕ ਗੈਰ-ਕਾਨੂੰਨੀ ਪਟਾਖਾ ਫੈਕਟਰੀ ਵਿੱਚ ਅੱਜ ਇੱਕ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਦੇ ਬਾਅਦ ਅੱਗ ਲੱਗ ਗਈ। ਇਸ ਦੌਰਾਨ ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਘਟਨਾ ਵਿੱਚ ਪੰਜ ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਜ਼ਖ਼ਮੀਆਂ ਨੂੰ ਇਲਾਜ ਦੇ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ।
ਇਮਾਰਤ ਢਹਿ ਕੇ ਮਲਬੇ ’ਚ ਤਬਦੀਲ
ਧਮਾਕੇ ਦੀ ਤੀਬਰਤਾ ਇੰਨੀ ਜ਼ਬਰਦਸਤ ਸੀ ਕਿ ਜਿਸ ਇਮਾਰਤ ਵਿੱਚ ਇਹ ਫੈਕਟਰੀ ਚੱਲ ਰਹੀ ਸੀ, ਉਸ ਦੀ ਟੀਨ ਦਾ ਸ਼ੈੱਡ ਉੱਡ ਗਿਆ। ਧਮਾਕੇ ਕਾਰਨ ਸਥਾਨਕ ਨਿਵਾਸੀਆਂ ਵਿੱਚ ਵਿਆਪਕ ਦਹਿਸ਼ਤ ਅਤੇ ਹਫੜਾ-ਦਫੜੀ ਮਚ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਭੀੜ ਇਕੱਠੀ ਹੋ ਗਈ। ਇਹ ਗੈਰ-ਕਾਨੂੰਨੀ ਪਟਾਕਿਆਂ ਦੀ ਫੈਕਟਰੀ ਨਗਰਪਾਲਿਕਾ ਡੰਪਿੰਗ ਸਾਈਟ ਦੇ ਸਾਹਮਣੇ ਗਰੌੜ ਰੋਡ ‘ਤੇ ਸਥਿਤ ਸੀ।
ਪੁਲਿਸ ਜਾਂਚ ਵਿੱਚ ਜੁਟੀ
ਧਮਾਕੇ ਅਤੇ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਿਆ। ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾ ਲਿਆ ਹੈ। ਇਸ ਦੌਰਾਨ ਪੁਲਿਸ ਮਾਮਲੇ ਦੀ ਜਾਂਚ ਕਰਨ ਦੇ ਨਾਲ ਹੀ ਕਾਨੂੰਨੀ ਕਾਰਵਾਈ ਕਰ ਰਹੀ ਹੈ।
ਚਾਰ ਕਿਲੋਮੀਟਰ ਤੱਕ ਸੁਣਾਈ ਦਿੱਤੀ ਆਵਾਜ਼
ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸਦੀ ਆਵਾਜ਼ ਚਾਰ ਕਿਲੋਮੀਟਰ ਦੇ ਘੇਰੇ ਵਿੱਚ ਸੁਣਾਈ ਦਿੱਤੀ ਅਤੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਉਨ੍ਹਾਂ ਨੇ ਕਿਹਾ ਕਿ ਫੈਕਟਰੀ ਵਿੱਚ ਸੁਰੱਖਿਆ ਦਾ ਕੋਈ ਇਤਜ਼ਾਮ ਨਹੀਂ ਦਿਖਿਆ। ਸਥਾਨਕ ਲੋਕਾਂ ਨੇ ਇਸ ਗੈਰ-ਕਾਨੂੰਨੀ ਫੈਕਟਰੀ ਵਿਰੁੱਧ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।












