ਨਵੀਂ ਦਿੱਲੀ: ਤਿਉਹਾਰੀ ਸੀਜ਼ਨ ਤੋਂ ਪਹਿਲਾਂ ਦੇਸ਼ ‘ਚ ਏਅਰ ਕੰਡੀਸ਼ਨਰ (ਏ.ਸੀ.), ਐੱਲ.ਈ.ਡੀ. ਟੀ.ਵੀ., ਵਾਸ਼ਿੰਗ ਮਸ਼ੀਨ ਅਤੇ ਹੋਰ ਖਪਤਕਾਰ ਇਲੈਕਟ੍ਰੋਨਿਕਸ ਸਾਮਾਨ ਮਹਿੰਗੇ ਹੋ ਸਕਦੇ ਹਨ। ਵੱਡੀਆਂ ਖਪਤਕਾਰ ਇਲੈਕਟ੍ਰੋਨਿਕਸ ਕੰਪਨੀਆਂ ਤਾਂਬਾ ਅਤੇ ਸਟੀਲ ਵਰਗੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਮੱਦੇਨਜ਼ਰ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਪੰਜ ਤੋਂ ਅੱਠ ਫੀਸਦੀ ਤੱਕ ਦਾ ਵਾਧਾ ਕਰਨ ਦੀ ਤਿਆਰੀ ਕਰ ਰਹੀਆਂ ਹਨ। ਕੰਪਨੀਆਂ ਮੁਤਾਬਕ ਤਾਂਬਾ, ਐਲੂਮੀਨੀਅਮ, ਸਟੀਲ, ਪਲਾਸਟਿਕ ਅਤੇ ਕੱਚੇ ਤੇਲ ਨਾਲ ਸਬੰਧਤ ਉਤਪਾਦਾਂ ਦੀਆਂ ਕੀਮਤਾਂ ਵਧਣ ਦੇ ਨਾਲ-ਨਾਲ ਮਾਲ ਭਾੜੇ ਦੇ ਖਰਚੇ ਅਤੇ ਵਿਦੇਸ਼ੀ ਮੁਦਰਾ ਦੇ ਉਤਰਾਅ-ਚੜ੍ਹਾਅ ਕਾਰਨ ਕੀਮਤਾਂ ਵਧਾਉਣਾ ਜ਼ਰੂਰੀ ਹੋ ਗਿਆ ਹੈ।
ਇਸ ਸਾਲ ਇਹ ਤੀਜੀ ਵਾਰ ਹੋਵੇਗਾ ਜਦੋਂ ਖਪਤਕਾਰ ਇਲੈਕਟ੍ਰੋਨਿਕਸ ਕੰਪਨੀਆਂ ਕੀਮਤਾਂ ਵਧਾਉਣਗੀਆਂ। ਜਿੱਥੇ ਏਅਰ ਕੰਡੀਸ਼ਨਰਾਂ ਦੀਆਂ ਕੀਮਤਾਂ ਵਿੱਚ ਕਰੀਬ ਪੰਜ ਤੋਂ ਅੱਠ ਫੀਸਦੀ ਤੱਕ ਦਾ ਵਾਧਾ ਹੋਣ ਦੀ ਸੰਭਾਵਨਾ ਹੈ, ਉਥੇ ਹੀ ਕੁਝ ਕੰਪਨੀਆਂ ਵਾਸ਼ਿੰਗ ਮਸ਼ੀਨਾਂ, ਫਰਿੱਜਾਂ ਅਤੇ ਐਲ.ਈ.ਡੀ., ਟੀ.ਵੀ ਦੀਆਂ ਕੀਮਤਾਂ ਵਿੱਚ ਤਿੰਨ ਤੋਂ ਚਾਰ ਫੀਸਦੀ ਤੱਕ ਦਾ ਵਾਧਾ ਕਰਨ ਜਾ ਰਹੀਆਂ ਹਨ। ਹਾਲਾਂਕਿ, ਕੁਝ ਕੰਪਨੀਆਂ ਹਾਲੇੇ ਵੀ ਸਥਿਤੀ ਦਾ ਮੁਲਾਂਕਣ ਕਰ ਰਹੀਆਂ ਹਨ। ਕਈ ਕੰਪਨੀਆਂ ਦਾ ਮੰਨਣਾ ਹੈ ਕਿ ਕੀਮਤ ਵਧਣ ਨਾਲ ਮੰਗ ਪ੍ਰਭਾਵਿਤ ਹੋ ਸਕਦੀ ਹੈ। ਹੋਰਾਂ ਦਾ ਵਿਚਾਰ ਹੈ ਕਿ ਕੀਮਤ ਵਾਧੇ ਦਾ ਪ੍ਰਭਾਵ ਸੀਮਤ ਹੋਵੇਗਾ, ਕਿਉਂਕਿ ਡੀਲਰਾਂ ਅਤੇ ਵਿਤਰਕਾਂ ਕੋਲ ਪੁਰਾਣੀ ਕੀਮਤ ‘ਤੇ ਪਹਿਲਾਂ ਹੀ ਸਟਾਕ ਹੈ।
ਬਲੂ ਸਟਾਰ, ਗੋਦਰੇਜ ਐਪਲਾਇੰਸ, ਹਾਇਰ, ਡਾਕਿਨ ਅਤੇ ਸੁਪਰ ਪਲਾਸਟ੍ਰੋਨਿਕਸ ਸਮੇਤ ਕਈ ਕੰਪਨੀਆਂ ਨੇ ਸ਼੍ਰੇਣੀਆਂ ਵਿੱਚ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਐੱਲ.ਜੀ. ਅਤੇ Bosch Home Comfort , ਜੋ HITACHI ਬ੍ਰਾਂਡ ਦੇ ਏਅਰ ਕੰਡੀਸ਼ਨਰ ਦਾ ਵਪਾਰ ਕਰਦੀ ਹੈ, ਨੇ ਵੀ ਏ.ਸੀ. ਦੀਆਂ ਕੀਮਤਾਂ ਵਿੱਚ ਕਰੀਬ ਪੰਜ ਫੀਸਦੀ ਦਾ ਵਾਧਾ ਕੀਤਾ ਹੈ। ਪੈਨਾਸੋਨਿਕ ਫਿਲਹਾਲ ਕੀਮਤ ਵਾਧੇ ਨੂੰ ਲੈ ਕੇ ਸਥਿਤੀ ਦਾ ਮੁਲਾਂਕਣ ਕਰ ਰਿਹਾ ਹੈ। ਬਲੂ ਸਟਾਰ ਦੇ ਮੈਨੇਜਿੰਗ ਡਾਇਰੈਕਟਰ ਬੀ. ਤਿਆਗਰਾਜਨ ਨੇ ਕਿਹਾ ਕਿ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਕਾਰਨ ਏ.ਸੀ. ਅਤੇ ਡੀਪ ਫ੍ਰੀਜ਼ਰਾਂ ਦੀਆਂ ਕੀਮਤਾਂ ਪਹਿਲਾਂ ਹੀ ਪੰਜ ਤੋਂ ਅੱਠ ਫੀਸਦੀ ਤੱਕ ਵਧਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਤਾਂਬਾ, ਸਟੀਲ ਅਤੇ ਪਲਾਸਟਿਕ ਸਮੇਤ ਵੱਖ-ਵੱਖ ਕੱਚੇ ਮਾਲ ਦੀਆਂ ਕੀਮਤਾਂ ਵਧ ਗਈਆਂ ਹਨ ਅਤੇ ਕੰਪਨੀ ਇਸ ਸਾਲ ਹੁਣ ਤੱਕ ਤਿੰਨ ਵਾਰ ਕੀਮਤਾਂ ਵਧਾ ਚੁੱਕੀ ਹੈ।
ਗੋਦਰੇਜ ਇੰਟਰਪ੍ਰਾਈਜਿਜ਼ ਗਰੁੱਪ ਦੇ ਕਾਰੋਬਾਰੀ ਮੁਖੀ ਅਤੇ ਕਾਰਜਕਾਰੀ ਉਪ-ਪ੍ਰਧਾਨ ਕਮਲ ਨੰਦੀ ਨੇ ਕਿਹਾ ਕਿ ਪਿਛਲੀ ਕੀਮਤ ਸਮੀਖਿਆ ਤੋਂ ਬਾਅਦ ਵਸਤੂਆਂ ਦੀ ਕੀਮਤ ਅੱਠ ਤੋਂ 10 ਫੀਸਦੀ ਵਧੀ ਹੈ। ਅਜਿਹੇ ‘ਚ ਵੱਖ-ਵੱਖ ਸ਼੍ਰੇਣੀਆਂ ‘ਚ ਪੰਜ ਤੋਂ ਸੱਤ ਫੀਸਦੀ ਦਾ ਭਾਅ ਵਧਣਾ ਲਾਜ਼ਮੀ ਹੋ ਗਿਆ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਪੁਰਾਣੀ ਕੀਮਤ ‘ਤੇ ਖਰੀਦਿਆ ਸਟਾਕ ਹੁਣ ਕਰੀਬ ਡੇਢ ਤੋਂ ਡੇਢ ਮਹੀਨੇ ਤੱਕ ਬਾਜ਼ਾਰ ‘ਚ ਮੌਜੂਦ ਰਹਿ ਸਕਦਾ ਹੈ।
ਹਾਇਰ ਇੰਡੀਆ ਦੇ ਚੇਅਰਮੈਨ ਐਨ.ਐਸ. ਸਤੀਸ਼ ਨੇ ਕਿਹਾ ਕਿ ਕੰਪਨੀ 1 ਅਕਤੂਬਰ ਤੋਂ ਏਅਰ ਕੰਡੀਸ਼ਨਰਾਂ ਦੀਆਂ ਕੀਮਤਾਂ ‘ਚ ਕਰੀਬ ਪੰਜ ਫੀਸਦੀ ਦਾ ਵਾਧਾ ਕਰੇਗੀ। ਹੋਰ ਉਤਪਾਦਾਂ ਜਿਵੇਂ ਕਿ ਐੱਲ.ਈ.ਡੀ., ਟੀ.ਵੀ ਅਤੇ ਵਾਸ਼ਿੰਗ ਮਸ਼ੀਨਾਂ ਦੀਆਂ ਕੀਮਤਾਂ ‘ਚ ਵੀ ਦੋ ਤੋਂ ਤਿੰਨ ਫੀਸਦੀ ਦਾ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੱਚੇ ਮਾਲ ਦੀ ਕੀਮਤ ਵਧਦੀ ਰਹੀ ਤਾਂ ਦਸੰਬਰ ਅਤੇ ਜਨਵਰੀ ਵਿੱਚ ਵੀ ਕੀਮਤਾਂ ਵਧ ਸਕਦੀਆਂ ਹਨ। ਸਤੀਸ਼ ਮੁਤਾਬਕ ਤਾਂਬੇ ਦੀ ਕੀਮਤ ਪਿਛਲੇ ਸਾਲ 8,000-9,000 ਡਾਲਰ ਪ੍ਰਤੀ ਟਨ ਤੋਂ ਵਧ ਕੇ ਲਗਭਗ 14,500 ਡਾਲਰ ਹੋ ਗਈ ਹੈ।
ਇੱਕ ਏਅਰ ਕੰਡੀਸ਼ਨਰ ਵਿੱਚ ਔਸਤਨ ਤਿੰਨ ਤੋਂ ਚਾਰ ਕਿਲੋਗ੍ਰਾਮ ਤਾਂਬਾ ਵਰਤਿਆ ਜਾਂਦਾ ਹੈ, ਇਸ ਲਈ ਇਸ ਦਾ ਸਿੱਧਾ ਅਸਰ ਏ.ਸੀ. ਦੀ ਨਿਰਮਾਣ ਲਾਗਤ ‘ਤੇ ਪੈਂਦਾ ਹੈ। ਡਾਈਕਿਨ ਏਅਰ ਕੰਡੀਸ਼ਨਿੰਗ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕੰਵਲਜੀਤ ਜਾਵਾ ਨੇ ਦੱਸਿਆ ਕਿ ਕੰਪਨੀ ਨੇ 16 ਸਤੰਬਰ ਤੋਂ ਹੁਣ ਤੱਕ ਕੀਮਤਾਂ ਵਿੱਚ ਅੱਠ ਤੋਂ 10 ਫੀਸਦੀ ਦਾ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਤਾਂਬੇ ਦੀਆਂ ਕੀਮਤਾਂ ਵਿੱਚ ਕਰੀਬ 25 ਤੋਂ 35 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਡਾਲਰ ਦੀ ਮਜ਼ਬੂਤੀ ਕਾਰਨ ਕੰਪਨੀਆਂ ਉੱਤੇ ਲਾਗਤ ਦਾ ਦਬਾਅ ਹੋਰ ਵਧ ਗਿਆ ਹੈ।
ਇਸ ਦੇ ਨਾਲ ਹੀ, ਸੁਪਰ ਪਲਾਸਟ੍ਰੋਨਿਕਸ ਪ੍ਰਾਈਵੇਟ ਲਿਮਟਿਡ (SPPL) ਨੇ ਅਕਤੂਬਰ ਤੋਂ ਬਾਅਦ ਟੀ.ਵੀ ਦੀਆਂ ਕੀਮਤਾਂ ਨੂੰ ਲਗਭਗ ਸੱਤ ਫੀਸਦੀ ਵਧਾਉਣ ਦੀ ਯੋਜਨਾ ਬਣਾਈ ਹੈ। ਕੰਪਨੀ ਮੁਤਾਬਕ ਹੋਰ ਘਰੇਲੂ ਉਪਕਰਨਾਂ ਦੀਆਂ ਕੀਮਤਾਂ ‘ਚ ਪਹਿਲਾਂ ਹੀ ਚਾਰ ਤੋਂ ਪੰਜ ਫੀਸਦੀ ਦਾ ਵਾਧਾ ਕੀਤਾ ਜਾ ਚੁੱਕਾ ਹੈ। ਉਦਯੋਗਾਂ ਲਈ ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਕੀਮਤਾਂ ‘ਚ ਵਾਧੇ ਦਾ ਤਿਉਹਾਰੀ ਮੰਗ ‘ਤੇ ਅਸਰ ਪੈ ਸਕਦਾ ਹੈ।
ਆਮ ਤੌਰ ‘ਤੇ, ਨਵਰਾਤਰੀ ਤੋਂ ਦੀਵਾਲੀ ਤੱਕ, ਖਪਤਕਾਰ ਇਲੈਕਟ੍ਰੋਨਿਕਸ ਅਤੇ ਘਰੇਲੂ ਉਪਕਰਣਾਂ ਦੀ ਵਿਕਰੀ ਵਧ ਜਾਂਦੀ ਹੈ ਅਤੇ ਕੰਪਨੀਆਂ ਆਕਰਸ਼ਕ ਛੋਟਾਂ ਅਤੇ ਪੇਸ਼ਕਸ਼ਾਂ ਪੇਸ਼ ਕਰਦੀਆਂ ਹਨ। ਅਜਿਹੀ ਸਥਿਤੀ ਵਿੱਚ, ਵਧੀਆਂ ਕੀਮਤਾਂ ਗਾਹਕਾਂ ਦੇ ਖਰੀਦ ਫ਼ੈਸਲੇ ਨੂੰ ਪ੍ਰਭਾਵਤ ਕਰ ਸਕਦੀਆਂ ਹਨ। ਹਾਲਾਂਕਿ, ਕੰਪਨੀਆਂ ਦਾ ਕਹਿਣਾ ਹੈ ਕਿ ਡੀਲਰਾਂ ਅਤੇ ਵਿਤਰਕਾਂ ਕੋਲ ਅਗਸਤ-ਸਤੰਬਰ ‘ਚ ਪੁਰਾਣੀ ਕੀਮਤ ‘ਤੇ ਖਰੀਦਿਆ ਗਿਆ ਕਾਫੀ ਸਟਾਕ ਹੈ। ਇਸ ਲਈ ਦੀਵਾਲੀ ਤੱਕ ਕੁਝ ਉਤਪਾਦ ਪੁਰਾਣੀਆਂ ਕੀਮਤਾਂ ‘ਤੇ ਉਪਲਬਧ ਰਹਿ ਸਕਦੇ ਹਨ। ਇਸ ਤੋਂ ਬਾਅਦ ਬਾਜ਼ਾਰ ‘ਚ ਨਵੀਆਂ ਕੀਮਤਾਂ ਹੋਰ ਸਪੱਸ਼ਟ ਦਿਖਾਈ ਦੇਣ ਦੀ ਸੰਭਾਵਨਾ ਹੈ।
ਉਦਯੋਗ ਦੀਆਂ ਰਿਪੋਰਟਾਂ ਦੇ ਅਨੁਸਾਰ, ਓਨਮ ਤੋਂ ਦੁਸਹਿਰਾ ਅਤੇ ਦੀਵਾਲੀ ਤੱਕ ਤਿਉਹਾਰਾਂ ਦੀ ਮਿਆਦ ਘਰੇਲੂ ਉਪਕਰਣ ਨਿਰਮਾਤਾਵਾਂ ਦੀ ਸਾਲਾਨਾ ਵਿਕਰੀ ਵਿੱਚ ਲਗਭਗ 30 ਤੋਂ 40 ਪ੍ਰਤੀਸ਼ਤ ਯੋਗਦਾਨ ਪਾਉਂਦੀ ਹੈ। ਅਜਿਹੇ ‘ਚ ਕੰਪਨੀਆਂ ਲਈ ਵਧਦੀ ਲਾਗਤ ਅਤੇ ਤਿਉਹਾਰੀ ਮੰਗ ਵਿਚਾਲੇ ਸੰਤੁਲਨ ਬਣਾਉਣਾ ਵੱਡੀ ਚੁਣੌਤੀ ਹੋਵੇਗੀ।












