HomeCanadaਮੀਰੀ-ਪੀਰੀ ਦਿਵਸ ਮੌਕੇ ਸਰੀ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ, ਹਜ਼ਾਰਾਂ ਸੰਗਤਾਂ ਨੇ...

ਮੀਰੀ-ਪੀਰੀ ਦਿਵਸ ਮੌਕੇ ਸਰੀ ‘ਚ ਵਿਸ਼ਾਲ ਨਗਰ ਕੀਰਤਨ ਸਜਾਇਆ, ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ

ਸਰੀ: ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਕੈਨੇਡਾ ਦੇ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਸਰੀ-ਡੈਲਟਾ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਕਾਟ ਰੋਡ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਏ ਇਸ ਧਾਰਮਿਕ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰੂ ਘਰ ਪ੍ਰਤੀ ਆਪਣੀ ਅਟੁੱਟ ਸ਼ਰਧਾ ਦਾ ਪ੍ਰਗਟਾਵਾ ਕੀਤਾ।

ਖਰਾਬ ਮੌਸਮ ਕਾਰਨ ਨਗਰ ਕੀਰਤਨ ਆਪਣੇ ਨਿਰਧਾਰਤ ਸਮੇਂ ਤੋਂ ਕੁਝ ਘੰਟੇ ਦੇਰੀ ਨਾਲ ਸ਼ੁਰੂ ਹੋਇਆ। ਆਰੰਭ ਤੋਂ ਪਹਿਲਾਂ ਅਰਦਾਸੀਏ ਸਿੰਘ ਵੱਲੋਂ ਅਰਦਾਸ ਕੀਤੀ ਗਈ, ਜਿਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ-ਛਾਇਆ ਹੇਠ ਸਵੇਰੇ ਕਰੀਬ 11 ਵਜੇ ਨਗਰ ਕੀਰਤਨ ਦੀ ਸ਼ੁਰੂਆਤ ਹੋਈ। ਨਿਰਧਾਰਤ ਰੂਟਾਂ ਤੋਂ ਹੁੰਦਾ ਹੋਇਆ ਇਹ ਸ਼ਾਮ ਸਮੇਂ ਮੁੜ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ।

ਨਗਰ ਕੀਰਤਨ ਦੌਰਾਨ ਸੰਗਤਾਂ ਵੱਲੋਂ ਸਜਾਈਆਂ ਗਈਆਂ ਕੇਸਰੀ ਅਤੇ ਨੀਲੀਆਂ ਦਸਤਾਰਾਂ ਅਤੇ ਦੁਪੱਟਿਆਂ ਨੇ ਪੂਰੇ ਮਾਹੌਲ ਨੂੰ ਖਾਲਸਾਈ ਰੰਗ ਵਿੱਚ ਰੰਗ ਦਿੱਤਾ। ਰਸਤੇ ਭਰ “ਬੋਲੇ ਸੋ ਨਿਹਾਲ” ਅਤੇ ਗੁਰਬਾਣੀ ਦੇ ਜੈਕਾਰਿਆਂ ਨਾਲ ਇਲਾਕਾ ਗੂੰਜਦਾ ਰਿਹਾ, ਜਿਸ ਨਾਲ ਧਾਰਮਿਕ ਅਤੇ ਆਧਿਆਤਮਿਕ ਮਾਹੌਲ ਬਣਿਆ ਰਿਹਾ।

ਵੱਖ-ਵੱਖ ਕਾਰੋਬਾਰੀ ਅਦਾਰਿਆਂ, ਸਥਾਨਕ ਸਿੱਖ ਸੰਸਥਾਵਾਂ ਅਤੇ ਸੇਵਾਦਾਰਾਂ ਵੱਲੋਂ ਰਸਤੇ ਵਿੱਚ ਕਈ ਥਾਵਾਂ ‘ਤੇ ਚਾਹ, ਠੰਢੇ ਪਾਣੀ, ਫਲਾਂ, ਮਿੱਠਿਆਈਆਂ ਅਤੇ ਹੋਰ ਪਕਵਾਨਾਂ ਦੇ ਲੰਗਰ ਲਗਾਏ ਗਏ। ਗੁਰਦੁਆਰਾ ਸਾਹਿਬ ਦੀ ਖੁੱਲ੍ਹੀ ਗਰਾਊਂਡ ਵਿੱਚ ਲਗਾਏ ਗਏ 19 ਟੈਂਟਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪ੍ਰਸ਼ਾਦਾ ਛਕਿਆ।

ਨਗਰ ਕੀਰਤਨ ਵਿੱਚ ਵੱਖ-ਵੱਖ ਢਾਡੀ, ਕਵੀਸ਼ਰੀ ਅਤੇ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਅਤੇ ਸਿੱਖ ਇਤਿਹਾਸ ਨਾਲ ਜੁੜੀਆਂ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੇ ਨਾਲ ਹੀ ਸਕੂਲੀ ਬੱਚਿਆਂ ਨੇ ਵੀ ਸ਼ਬਦ ਗਾਇਨ ਅਤੇ ਧਾਰਮਿਕ ਪੇਸ਼ਕਾਰੀਆਂ ਰਾਹੀਂ ਗੁਰਮਤਿ ਸੰਦੇਸ਼ ਦਿੱਤਾ।

ਸਮਾਗਮ ਦਾ ਇੱਕ ਹੋਰ ਖ਼ਾਸ ਆਕਰਸ਼ਣ ਵੱਖ-ਵੱਖ ਗਤਕਾ ਜਥਿਆਂ ਵੱਲੋਂ ਕੀਤੀ ਗਈ ਸ਼ਾਨਦਾਰ ਪੇਸ਼ਕਾਰੀ ਰਹੀ। ਨੌਜਵਾਨਾਂ ਨੇ ਸਿੱਖ ਮਾਰਸ਼ਲ ਆਰਟ ਗਤਕੇ ਦੇ ਦਿਲਕਸ਼ ਜੋਹਰ ਵਿਖਾ ਕੇ ਸੰਗਤਾਂ ਤੋਂ ਖੂਬ ਵਾਹ-ਵਾਹ ਹਾਸਲ ਕੀਤੀ।

ਨਗਰ ਕੀਰਤਨ ਨੂੰ ਸੁਚਾਰੂ ਢੰਗ ਨਾਲ ਸੰਪੰਨ ਕਰਵਾਉਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ, ਸੇਵਾਦਾਰਾਂ ਅਤੇ ਸਿਟੀ ਕੌਂਸਲ ਨੇ ਮਿਲ ਕੇ ਆਵਾਜਾਈ ਅਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ। ਇਸ ਕਾਰਨ ਸਮਾਗਮ ਦੌਰਾਨ ਟ੍ਰੈਫਿਕ ਨੂੰ ਬਿਨਾਂ ਕਿਸੇ ਵੱਡੀ ਰੁਕਾਵਟ ਦੇ ਚਲਾਇਆ ਗਿਆ।

ਸਮਾਪਤੀ ਮੌਕੇ ਗੁਰਦੁਆਰਾ ਪ੍ਰਬੰਧਕਾਂ ਨੇ ਸੰਗਤਾਂ, ਸੇਵਾਦਾਰਾਂ, ਸੁਰੱਖਿਆ ਕਰਮਚਾਰੀਆਂ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਵਿੱਚ ਜੁੜੇ ਰਹਿਣ ਦੀ ਅਪੀਲ ਕੀਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments