ਮੱਧ ਪ੍ਰਦੇਸ਼ : ਰਾਏਸੇਨ ਜ਼ਿਲ੍ਹੇ ਦੇ ਬਮਹੋਰੀ ਢਾਬਾ ਨੇੜੇ ਬੀਤੀ ਦੇਰ ਰਾਤ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇੰਦੌਰ ਤੋਂ ਰੀਵਾ ਜਾ ਰਹੀ ਜੈ ਭਵਾਨੀ ਟਰੈਵਲਜ਼ ਦੀ ਇੱਕ ਚੱਲਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਇਹ ਘਟਨਾ ਰਾਤ 1:30 ਵਜੇ ਦੇ ਕਰੀਬ ਵਾਪਰੀ। ਬੱਸ ਵਿੱਚ ਲਗਭਗ 50 ਯਾਤਰੀ ਸਵਾਰ ਸਨ। ਪਿੱਛੇ ਆ ਰਹੇ ਇੱਕ ਟਰੱਕ ਡਰਾਈਵਰ ਨੇ ਬੱਸ ਦੇ ਟਾਇਰ ਵਿੱਚ ਅੱਗ ਲੱਗਣ ਦਾ ਇਸ਼ਾਰਾ ਕੀਤਾ, ਪਰ ਬੱਸ ਨਹੀਂ ਰੁੱਕੀ। ਇਸ ਤੋਂ ਬਾਅਦ ਬੱਸ ਦੇ ਅੱਗੇ ਇੱਕ ਟਰੱਕ ਖੜ੍ਹਾ ਕਰਕੇ ਜ਼ਬਰਦਸਤੀ ਬੱਸ ਨੂੰ ਰੋਕਿਆ ਗਿਆ, ਜਿਸ ਕਾਰਨ ਯਾਤਰੀਆਂ ਦੀ ਜਾਨ ਬਚ ਗਈ।
ਜਾਣਕਾਰੀ ਦੇ ਅਨੁਸਾਰ, ਬੱਸ ਦਾ ਟਾਇਰ ਫੱਟਣ ਦੇ ਬਾਅਦ ਉਸ ਵਿੱਚ ਅੱਗ ਭੜਕੀ, ਜੋ ਕੁਝ ਹੀ ਮਿੰਟਾਂ ਵਿੱਚ ਪੂਰੀ ਬਸ ਵਿੱਚ ਫੈਲ ਗਈ। ਬੱਸ ਵਿੱਚ ਡੀਜ਼ਲ ਸੜਕ ‘ਤੇ ਫੈਲਣ ਦੇ ਕਾਰਨ ਆਲੇ-ਦੁਆਲੇ ਵੀ ਅੱਗ ਲੱਗ ਗਈ। ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ ਅਤੇ ਲੋਕਾਂ ਨੇ ਜਾਨਾਂ ਬਚਾਉਣ ਲਈ ਬੱਸ ਤੋਂ ਛਾਲ ਮਾਰਨੀ ਸ਼ੁਰੂ ਕਰ ਦਿੱਤੀ। ਢਾਬੇ ਦੇ ਮਾਲਕ ਬੰਟੀ ਖਾਲਸਾ, ਉਸਦੇ ਕਰਮਚਾਰੀਆਂ ਅਤੇ ਬੱਸ ਸਟਾਫ ਦੀ ਮਦਦ ਨਾਲ, ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਕਿਸੇ ਵੀ ਯਾਤਰੀ ਨੂੰ ਸਰੀਰਕ ਤੌਰ ‘ਤੇ ਸੱਟ ਨਹੀਂ ਲੱਗੀ।
ਹਾਲਾਂਕਿ, ਅੱਗ ਇੰਨੀ ਭਿਆਨਕ ਸੀ ਕਿ ਬੱਸ ਕੁਝ ਹੀ ਮਿੰਟਾਂ ਵਿੱਚ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਯਾਤਰੀਆਂ ਦਾ ਸਾਰਾ ਸਾਮਾਨ ਵੀ ਸੜ ਗਿਆ। ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਅਤੇ ਕਲੀਨਰ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਣ ‘ਤੇ ਪੁਲਿਸ ਪਹੁੰਚੀ, ਜਦੋਂ ਕਿ ਫਾਇਰ ਬ੍ਰਿਗੇਡ ਕਰੀਬ ਇੱਕ ਘੰਟੇ ਬਾਅਦ ਮੌਕੇ ‘ਤੇ ਪਹੁੰਚੀ, ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਸੀ। ਦੇਰ ਰਾਤ ਤੱਕ ਯਾਤਰੀ ਸੜਕ ‘ਤੇ ਹੀ ਫਸੇ ਰਹੇ, ਪਰ ਬੱਸ ਕੰਪਨੀ ਵੱਲੋਂ ਬਦਲਵੀਂ ਬੱਸ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।











