ਨਵੀਂ ਦਿੱਲੀ: ਦੇਸ਼ ਭਰ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਦੇ ਪਿੱਛੇ ਇੱਕ ਵੱਡਾ ਮੌਸਮੀ ਕਾਰਨ ਸਾਹਮਣੇ ਆਇਆ ਹੈ। ਨਵੀਆਂ ਸੈਟੇਲਾਈਟ ਤਸਵੀਰਾਂ ਮੁਤਾਬਕ ਭਾਰਤੀ ਹਿਮਾਲਿਆ ਤੋਂ ਲੈ ਕੇ ਦੱਖਣੀ ਕੋਰੀਆ ਤੱਕ ਲਗਭਗ 7,000 ਤੋਂ 10,000 ਕਿਲੋਮੀਟਰ ਲੰਬੀ ਬੱਦਲ ਪੱਟੀ ਫੈਲੀ ਹੋਈ ਹੈ। ਮੌਸਮ ਵਿਗਿਆਨੀਆਂ ਅਨੁਸਾਰ ਇਸ ਨੂੰ ਮੌਨਸੂਨ ਕਨਵਰਜੈਂਸ ਜ਼ੋਨ ਕਿਹਾ ਜਾਂਦਾ ਹੈ, ਜਿਸ ਕਾਰਨ ਭਾਰਤ ਦੇ ਕਈ ਹਿੱਸਿਆਂ ਵਿੱਚ ਬੇਹੱਦ ਤੇਜ਼ ਮੀਂਹ ਦਰਜ ਕੀਤਾ ਜਾ ਰਿਹਾ ਹੈ।
ਮੌਸਮ ਵਿਭਾਗ ਦੇ ਅਨੁਸਾਰ ਪਿਛਲੇ ਦੋ ਦਿਨਾਂ ਦੌਰਾਨ ਦੇਸ਼ ਵਿੱਚ ਆਮ ਨਾਲੋਂ 170 ਤੋਂ 180 ਫੀਸਦੀ ਵੱਧ ਵਰਖਾ ਦਰਜ ਕੀਤੀ ਗਈ ਹੈ। ਇਹ ਸਥਿਤੀ ਹਿੰਦ ਮਹਾਸਾਗਰ ਤੋਂ ਆਉਣ ਵਾਲੀਆਂ ਨਮੀ ਨਾਲ ਭਰੀਆਂ ਹਵਾਵਾਂ ਅਤੇ ਏਸ਼ੀਆ ਵੱਲ ਬਣੇ ਘੱਟ ਦਬਾਅ ਵਾਲੇ ਖੇਤਰ ਦੇ ਮਿਲਾਪ ਕਾਰਨ ਬਣੀ ਹੈ। ਇਸ ਮੌਸਮੀ ਪ੍ਰਣਾਲੀ ਦਾ ਪ੍ਰਭਾਵ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਪੰਜਾਬ, ਬਿਹਾਰ, ਛੱਤੀਸਗੜ੍ਹ ਅਤੇ ਗੁਜਰਾਤ ਸਮੇਤ ਕਈ ਸੂਬਿਆਂ ਵਿੱਚ ਦੇਖਿਆ ਜਾ ਰਿਹਾ ਹੈ, ਜਿੱਥੇ ਕਰੀਬ 60 ਘੰਟਿਆਂ ਤੋਂ ਲਗਾਤਾਰ ਬਾਰਿਸ਼ ਜਾਰੀ ਹੈ।
ਗੁਜਰਾਤ ਦੇ ਸੂਰਤ ਵਿੱਚ ਸਿਰਫ਼ ਚਾਰ ਘੰਟਿਆਂ ਦੌਰਾਨ ਲਗਭਗ ਚਾਰ ਇੰਚ ਮੀਂਹ ਪਿਆ, ਜਿਸ ਨਾਲ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਭੇਡਾਵਾਲ ਅਤੇ ਸਿਮਦਾ ਨਦੀਆਂ ਸਮੇਤ ਕਈ ਦਰਿਆ ਉਫਾਨ ‘ਤੇ ਹਨ ਅਤੇ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ 2,244 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਹੈ। ਗੁਜਰਾਤ ਦੇ ਤਿੰਨ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ, 11 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਅਤੇ 10 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਭਾਰੀ ਮੀਂਹ ਦਾ ਅਸਰ ਆਵਾਜਾਈ ‘ਤੇ ਵੀ ਪਿਆ ਹੈ। ਅਹਿਮਦਾਬਾਦ-ਮੁੰਬਈ ਰੇਲ ਮਾਰਗ ‘ਤੇ ਸੱਤ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਕਈ ਹੋਰ ਰੇਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਯਾਤਰੀਆਂ ਨੂੰ ਸਫ਼ਰ ਤੋਂ ਪਹਿਲਾਂ ਰੇਲਵੇ ਦੀ ਤਾਜ਼ਾ ਜਾਣਕਾਰੀ ਲੈਣ ਦੀ ਸਲਾਹ ਦਿੱਤੀ ਗਈ ਹੈ।
ਉੱਤਰ ਪ੍ਰਦੇਸ਼ ਵਿੱਚ ਵੀ ਮੌਸਮ ਵਿਭਾਗ ਨੇ 69 ਜ਼ਿਲ੍ਹਿਆਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਦੂਜੇ ਪਾਸੇ ਅਸਾਮ ਵਿੱਚ ਹੜ੍ਹਾਂ ਦੀ ਸਥਿਤੀ ਹੋਰ ਗੰਭੀਰ ਹੋ ਗਈ ਹੈ। ਸੂਬੇ ਵਿੱਚ ਕਰੀਬ 6.53 ਲੱਖ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ। ਪਿਛਲੇ 24 ਘੰਟਿਆਂ ਦੌਰਾਨ 10 ਹੋਰ ਲੋਕਾਂ ਦੀ ਮੌਤ ਹੋਣ ਨਾਲ ਕੁੱਲ ਮ੍ਰਿਤਕਾਂ ਦੀ ਗਿਣਤੀ 41 ਤੱਕ ਪਹੁੰਚ ਗਈ ਹੈ।
ਮੌਸਮ ਵਿਭਾਗ ਨੇ ਲੋਕਾਂ ਨੂੰ ਅਗਲੇ ਕੁਝ ਦਿਨ ਬਿਨਾਂ ਲੋੜ ਦੇ ਯਾਤਰਾ ਨਾ ਕਰਨ, ਦਰਿਆਵਾਂ ਅਤੇ ਨੀਵੇਂ ਇਲਾਕਿਆਂ ਤੋਂ ਦੂਰ ਰਹਿਣ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਮੌਨਸੂਨੀ ਪ੍ਰਣਾਲੀ ਹੋਰ ਕੁਝ ਦਿਨ ਸਰਗਰਮ ਰਹਿੰਦੀ ਹੈ ਤਾਂ ਕਈ ਹੋਰ ਸੂਬਿਆਂ ਵਿੱਚ ਵੀ ਭਾਰੀ ਮੀਂਹ ਅਤੇ ਹੜ੍ਹ ਵਰਗੇ ਹਾਲਾਤ ਬਣ ਸਕਦੇ ਹਨ।












