ਗੈਜੇਟ ਡੈਸਕ : ਅੱਜ ਦੇ ਇਸ ਵਿਗਿਆਨਕ ਯੁੱਗ ਵਿੱਚ ਹਰ ਦਿਨ ਨਵੀਂ ਖ਼ਬਰ ਸੁਣਨ ਨੂੰ ਮਿਲਦੀ ਹੈ। ਅੱਜ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ। ਜੋ ਵਿਗਿਆਨਕਾਂ ਨੇ ਕਿਸਾਨਾਂ ਲਈ ਲਾਹੇਵੰਦ ਦੱਸੀ ਅਤੇ ਲੇਬਰ ਖ਼ਰਚ ਬਚਤ ਬਾਰੇ ਵੀ ਦੱਸਿਆ। ਕਿਸਾਨਾਂ ਦਾ ਇਸ ਨਵੀਂ ਟੈਕਨੀਕ ਅਪਨਾਉਣ ’ਚ ਆਉਣ ਵਾਲੇ ਸਮੇਂ ਵਿੱਚ ਬਹੁਤ ਲਾਭ ਹੋਣ ਵਾਲਾ ਹੈ। ਇਸ ਨਾਲ ਫ਼ਸਲ ਦੀ ਬਿਜਾਈ ਵੀ ਜਲਦ ਹੋਵੇਗੀ। ਖੇਤੀ ਵੀ ਹਾਈ-ਟੈਕ ਹੋਵੇਗੀ। ਹੁਣ ਖੇਤਾਂ ਨੂੰ ਵਾਹੁਣ ਲਈ ਟਰੈਕਟਰ ਦਾ ਸਟੀਅਰਿੰਗ ਕਿਸਾਨ ਦੁਆਰਾ ਨਹੀਂ ਸਗੋਂ ਇਸ ’ਤੇ ਲੱਗੇ ‘ਆਟੋ ਸਟੀਅਰਿੰਗ ਸਿਸਟਮ’ ਦੁਆਰਾ ਕੰਟਰੋਲ ਕੀਤਾ ਜਾਵੇਗਾ।
ਕਿਸਾਨ ਖੇਤ ਨੂੰ ਵਾਹੁਣ ਲਈ ਟਰੈਕਟਰ ਖ਼ੁਦ ਨਹੀਂ ਚਲਾਉਣਾ ਪਵੇਗਾ। ਇਹ ਤਕਨੀਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਦੇ ਵਿਗਿਆਨੀਆਂ ਦੁਆਰਾ ਵਿਕਸਿਤ ਕੀਤੀ ਗਈ ਹੈ। ਵਧੀਕ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆਦ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਤਕਨੀਕ ਤੋਂ ਬਹੁਤ ਲਾਭ ਹੋਣ ਜਾ ਰਿਹਾ ਹੈ। ਜਲਦੀ ਹੀ ਇਸ ਤਕਨੀਕ ਨੂੰ ਜਾਰੀ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਸਮਰਪਿਤ ਕੀਤਾ ਜਾਵੇਗਾ ਤਾਂ ਜੋ ਕਿਸਾਨ ਇਸ ਪ੍ਰਣਾਲੀ ਦਾ ਲਾਭ ਉਠਾ ਸਕਣ ਅਤੇ ਆਪਣੇ ਖੇਤਾਂ ਵਿੱਚ ਫ਼ਸਲ ਦੀ ਕਾਸ਼ਤ ਕਰ ਸਕਣ।
ਕਿੰਨੇ ਖੇਤ ਵਿੱਚ ਵਾਹੁਣਾ ਹੈ ਇਹ ਪਹਿਲਾਂ ਤੋਂ ਨਿਰਧਾਰਤ ਕਰਨਾ ਹੋਵੇਗਾ : ਮਾਹਿਰਾਂ ਅਨੁਸਾਰ, ਕਿਸਾਨ ਨੂੰ ਪਹਿਲਾਂ ਇਸ ਪ੍ਰਣਾਲੀ ਨਾਲ ਖੇਤ ਨੂੰ ਵਾਹੁਣ ਲਈ ਖੇਤਰ ਦੇ ਅਨੁਸਾਰ ਜਗ੍ਹਾ ਨਿਰਧਾਰਤ ਕਰਨੀ ਪਵੇਗੀ, ਯਾਨੀ ਕਿ ਇੱਕ ਸਮੇਂ ਵਿੱਚ ਕਿੰਨੇ ਏਕੜ ਵਿੱਚ ਫ਼ਸਲ ਬੀਜਣੀ ਹੈ। ਇਸ ਤੋਂ ਬਾਅਦ, ਇਹ ਪ੍ਰਣਾਲੀ ਪੂਰੇ ਖੇਤ ਨੂੰ ਇੱਕ ਲੇਬਲ ਵਿੱਚ ਬੀਜੇਗੀ। ਇਹ ਕਿਸਾਨ ਨੂੰ ਉਸ ਖੇਤ ਬਾਰੇ ਵੀ ਸੁਚੇਤ ਕਰੇਗੀ ਜਿਸ ਵਿੱਚ ਫ਼ਸਲ ਨਹੀਂ ਬੀਜੀ ਗਈ ਹੈ। ਤਾਂ ਜੋ ਖਾਲੀ ਜਗ੍ਹਾ ’ਤੇ ਵੀ ਫ਼ਸਲ ਬੀਜੀ ਜਾ ਸਕੇ। ਇਸ ਲਈ, ਕਿਸਾਨ ਨੂੰ ਨਵਾਂ ਟਰੈਕਟਰ ਨਹੀਂ ਖ਼ਰੀਦਣਾ ਪਵੇਗਾ ਕਿਉਂਕਿ ਕਿਸਾਨ ਇਸ ਸਿਸਟਮ ਨੂੰ ਆਪਣੇ ਪੁਰਾਣੇ ਟਰੈਕਟਰਾਂ ’ਤੇ ਵੀ ਲਗਾ ਸਕਦੇ ਹਨ। ਇਸ ਤਕਨੀਕ ਲਈ ਲਾਈਵ ਟ੍ਰਾਇਲ ਵੀ ਕੀਤੇ ਜਾ ਰਹੇ ਹਨ।
700 ਰੁਪਏ ਪ੍ਰਤੀ ਦਿਨ ਦਿਹਾੜੀ ਅਤੇ ਸਮੇਂ ਦੀ ਬਚਤ ਹੋਵੇਗੀ : ਮਾਹਿਰਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਹਰ ਫ਼ਸਲ ਦੇ ਖੇਤ ਨੂੰ ਵਾਹੁਣ ਲਈ 700 ਰੁਪਏ ਰੋਜ਼ਾਨਾ ਦਿਹਾੜੀ ਦੇਣੇ ਪੈਂਦੇ ਹਨ। ਪਰ ਹੁਣ ਟਰੈਕਟਰ ’ਤੇ ਇਸ ਸਿਸਟਮ ਨੂੰ ਲਗਾਉਣ ਤੋਂ ਬਾਅਦ, ਕਿਸਾਨ ਨੂੰ ਕਿਸੇ ਵੀ ਮਜ਼ਦੂਰ ਜਾਂ ਖ਼ੁਦ ਸਟੇਅਰਿੰਗ ਨਹੀਂ ਸੰਭਾਲਣੀ ਪਵੇਗੀ। ਇਸ ਨਾਲ ਸਮੇਂ ਦੀ ਵੀ ਬਚਤ ਹੋਵੇਗੀ। ਪੂਰਾ ਸਿਸਟਮ ਸੈਟੇਲਾਈਟ ਰਾਹੀਂ ਚੱਲੇਗਾ।











