ਦੁਬਈ : ਯਮਨ ਦੇ ਤੱਟ ਨੇੜੇ ਲਾਲ ਸਾਗਰ ’ਚ ਬੀਤੇ ਦਿਨ ਜਹਾਜ਼ ’ਤੇ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਹਥਿਆਰਬੰਦ ਵਿਅਕਤੀਆਂ ਨੇ ਇਕ ਜਹਾਜ਼ ਉੱਤੇ ਗ੍ਰੇਨੇਡ ਵਾਲੇ ਰਾਕੇਟਾਂ ਨਾਲ ਹਮਲਾ ਕਰ ਦਿੱਤਾ।ਫਿਲਹਾਲ ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਪਰ ਬੇਹੱਦ ਅਹਿਮ ਹੈ ਕਿ ਇਹ ਹਮਲਾ ਇਜ਼ਰਾਈਲ-ਹਮਾਸ ਜੰਗ, ਈਰਾਨ-ਇਜ਼ਰਾਈਲ ਜੰਗ ਅਤੇ ਈਰਾਨ ਦੇ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਅਮਰੀਕਾ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਵਧੇ ਹੋਏ ਤਣਾਅ ਵਿਚਕਾਰ ਹੋਇਆ ਹੈ।
ਇਸ ਘਟਨਾ ਦੇ ਸੰਬੰਧ ਵਿੱਚ ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਆਪਰੇਸ਼ਨ ਸੈਂਟਰ ਨੇ ਕਿਹਾ ਕਿ ਜਹਾਜ਼ ਉਤੇ ਹਥਿਆਰਬੰਦ ਸੁਰੱਖਿਆ ਟੀਮ ਨੇ ਗੋਲੀਬਾਰੀ ਕੀਤੀ ਹੈ। ਫਿਲਹਾਲ ਅਧਿਕਾਰੀ ਜਾਂਚ ਕਰ ਰਹੇ ਹਨ।ਯਮਨ ਦੇ ਹੂਤੀ ਵਿਦਰੋਹੀਆਂ ਨੇ ਖੇਤਰ ਵਿੱਚ ਵਪਾਰਕ ਅਤੇ ਫੌਜੀ ਜਹਾਜ਼ਾਂ ਉਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਹਨ, ਜਿਸ ਨੂੰ ਸਮੂਹ ਦੀ ਲੀਡਰਸ਼ਿਪ ਨੇ ਗਾਜ਼ਾ ਪੱਟੀ ਵਿੱਚ ਹਮਾਸ ਵਿਰੁੱਧ ਇਜ਼ਰਾਈਲ ਦੇ ਹਮਲੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਨਵੰਬਰ 2023 ਅਤੇ ਜਨਵਰੀ 2025 ਦੇ ਵਿਚਕਾਰ, ਹੂਤੀ ਨੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ 100 ਤੋਂ ਵੱਧ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ, ਉਨ੍ਹਾਂ ’ਚੋਂ ਦੋ ਡੁੱਬ ਗਏ ਅਤੇ ਚਾਰ ਮਲਾਹ ਮਾਰੇ ਗਏ ਸਨ। ਇਸ ਨਾਲ ਲਾਲ ਸਾਗਰ ਲਾਂਘੇ ਰਾਹੀਂ ਵਪਾਰ ਦੇ ਪ੍ਰਵਾਹ ਨੂੰ ਬਹੁਤ ਘੱਟ ਕਰ ਦਿਤਾ ਗਿਆ ਹੈ ਜਿਸ ਵਿੱਚ ਆਮ ਤੌਰ ’ਤੇ ਸਾਲਾਨਾ 1 ਟ੍ਰਿਲੀਅਨ ਡਾਲਰ ਦਾ ਮਾਲ ਆਉਂਦਾ ਹੈ।











