13 ਨਵੰਬਰ ਨੂੰ ਜਾਰੀ ਪੱਤਰ ਦੇ ਆਧਾਰ ‘ਤੇ ਦਿੱਤੇ ਗਏ ਅੰਦਰੂਨੀ ਆਦੇਸ਼ ਅਨੁਸਾਰ ਗੋਰਖਾ ਰਾਈਫਲਜ਼ ਦੇ ਜਨਰਲ ਅਧਿਕਾਰੀ ਮੁੜ ਆਪਣੀ ਰਵਾਇਤੀ ਗੋਰਖਾ ਟੋਪੀ ਅਤੇ ਰੈਜੀਮੈਂਟਲ ਨਿਸ਼ਾਨ ਪਹਿਨ ਸਕਣਗੇ। ਇਸੇ ਤਰ੍ਹਾਂ ਸਪੈਸ਼ਲ ਫੋਰਸਿਜ਼ ਦੇ ਸੀਨੀਅਰ ਅਧਿਕਾਰੀਆਂ ਨੂੰ ਮੈਰੂਨ ਰੰਗ ਦੇ ਬੇਰੇਟ ਪਹਿਨਣ ਦੀ ਇਜਾਜ਼ਤ ਹੋਵੇਗੀ, ਜਦਕਿ ਬਖਤਰਬੰਦ ਰੈਜੀਮੈਂਟ ਦੇ ਅਧਿਕਾਰੀ ਕਾਲੇ ਰੰਗ ਦੇ ਬੇਰੇਟ ਪਹਿਨ ਸਕਣਗੇ।
ਇਸ ਤੋਂ ਇਲਾਵਾ ਬ੍ਰਿਗੇਡੀਅਰ ਅਤੇ ਇਸ ਤੋਂ ਉੱਪਰ ਦੇ ਰੈਂਕ ਵਾਲੇ ਅਧਿਕਾਰੀ ਆਪਣੀ ਅਧਿਕਾਰਤ ਵਰਦੀ ਦੇ ਨਾਲ ਰਵਾਇਤੀ ਰੈਜੀਮੈਂਟਲ ਜਾਂ ਕੋਰ ਚਿੰਨ੍ਹ ਵੀ ਲਗਾ ਸਕਣਗੇ। ਇਹ ਫੈਸਲਾ ਸੀਨੀਅਰ ਅਧਿਕਾਰੀਆਂ ਦੀ ਪਛਾਣ ਨੂੰ ਉਨ੍ਹਾਂ ਦੀ ਮੂਲ ਰੈਜੀਮੈਂਟ ਅਤੇ ਸੇਵਾ ਨਾਲ ਮੁੜ ਜੋੜੇਗਾ।
ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਭਾਰਤੀ ਫੌਜ ਨੇ ਸੀਨੀਅਰ ਲੀਡਰਸ਼ਿਪ ਲਈ ਵਰਦੀ ਦੀਆਂ ਕਈ ਚੀਜ਼ਾਂ ਨੂੰ ਮਿਆਰੀ ਬਣਾਇਆ ਸੀ। ਇਸ ਨੀਤੀ ਤਹਿਤ ਅਧਿਕਾਰੀਆਂ ਦੀਆਂ ਮੂਲ ਰੈਜੀਮੈਂਟਾਂ ਅਤੇ ਸੇਵਾ ਦੀ ਪਛਾਣ ਦਰਸਾਉਣ ਵਾਲੇ ਨਿਸ਼ਾਨ ਹਟਾ ਦਿੱਤੇ ਗਏ ਸਨ। ਹੁਣ ਨਵਾਂ ਹੁਕਮ ਲਾਗੂ ਹੋਣ ਨਾਲ ਇਹ ਰਵਾਇਤੀ ਪਛਾਣਾਂ ਮੁੜ ਵਰਦੀ ਦਾ ਹਿੱਸਾ ਬਣ ਜਾਣਗੀਆਂ।










