ਮੁੰਬਈ: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ ‘ਪ੍ਰਲੇ’ ਦੀ ਸ਼ੂਟਿੰਗ ਨੂੰ ਲੈ ਕੇ ਮੁੰਬਈ ਦੇ ਇਤਿਹਾਸਕ ਆਜ਼ਾਦ ਮੈਦਾਨ ਵਿੱਚ ਵਿਵਾਦ ਖੜ੍ਹਾ ਹੋ ਗਿਆ ਹੈ। ਮੁੰਬਈ ਕ੍ਰਿਕਟ ਐਸੋਸੀਏਸ਼ਨ (ਐਮਸੀਏ) ਨੇ ਮੈਦਾਨ ਵਿੱਚ ਫਿਲਮ ਦੀ ਸ਼ੂਟਿੰਗ ਲਈ ਦਿੱਤੀ ਗਈ ਇਜਾਜ਼ਤ ’ਤੇ ਨਾਰਾਜ਼ਗੀ ਜਤਾਈ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਕਾਰਨ ਨੌਜਵਾਨ ਕ੍ਰਿਕਟਰਾਂ ਦੀਆਂ ਖੇਡ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਹਨ।
ਸ਼ੂਟਿੰਗ ਕਾਰਨ ਆਜ਼ਾਦ ਮੈਦਾਨ ਵਿੱਚ ਹੋਣ ਵਾਲੇ ਅੰਡਰ-14 ਅਤੇ ਅੰਡਰ-16 ਵਰਗ ਦੇ ਇੰਟਰਸਕੂਲ ਕ੍ਰਿਕਟ ਮੈਚ ਮੁਲਤਵੀ ਕਰਨੇ ਪਏ। ਇਹ ਮੈਚ ਨੌਜਵਾਨ ਖਿਡਾਰੀਆਂ ਲਈ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਹੁੰਦੇ ਹਨ। ਮੈਚਾਂ ਦੇ ਮੁਲਤਵੀ ਹੋਣ ਤੋਂ ਬਾਅਦ ਐਮਸੀਏ ਨੇ ਮੈਦਾਨ ਦੀ ਵਰਤੋਂ ਸਬੰਧੀ ਫ਼ੈਸਲੇ ’ਤੇ ਸਵਾਲ ਉਠਾਏ ਹਨ।
ਐਮਸੀਏ ਨੇ ਖੇਡ ਮੈਦਾਨ ਦੀ ਵਪਾਰਕ ਵਰਤੋਂ ਦਾ ਵਿਰੋਧ ਕਰਦਿਆਂ ਕਿਹਾ ਕਿ ਅਜਿਹੇ ਮੈਦਾਨਾਂ ਨੂੰ ਨੌਜਵਾਨ ਖਿਡਾਰੀਆਂ ਦੀ ਸਿਖਲਾਈ ਅਤੇ ਮੁਕਾਬਲਿਆਂ ਲਈ ਤਰਜੀਹ ਮਿਲਣੀ ਚਾਹੀਦੀ ਹੈ। ਐਸੋਸੀਏਸ਼ਨ ਮੁਤਾਬਕ, ਜਿੱਥੇ ਨੌਜਵਾਨ ਕ੍ਰਿਕਟਰ ਆਪਣਾ ਭਵਿੱਖ ਬਣਾਉਣ ਲਈ ਅਭਿਆਸ ਕਰਦੇ ਹਨ, ਉੱਥੇ ਵਪਾਰਕ ਫਿਲਮ ਸ਼ੂਟਿੰਗ ਨੂੰ ਤਰਜੀਹ ਦੇਣਾ ਖੇਡ ਸੱਭਿਆਚਾਰ ਲਈ ਨੁਕਸਾਨਦੇਹ ਹੋ ਸਕਦਾ ਹੈ।
ਫਿਲਮ ਦੀ ਸ਼ੂਟਿੰਗ ਲਈ ਇਜਾਜ਼ਤ ਦੇਣ ਵਾਲੇ ਫ਼ੈਸਲੇ ਅਤੇ ਮੈਚ ਮੁਲਤਵੀ ਹੋਣ ਦੇ ਮਾਮਲੇ ਨੇ ਖੇਡ ਮੈਦਾਨਾਂ ਦੀ ਵਰਤੋਂ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ।










