ਨਕੋਦਰ : ਨਕੋਦਰ-ਜਲੰਧਰ ਰੋਡ ’ਤੇ ਪਿੰਡ ਮੁੱਢਾ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਅਤੇ ਸਕੂਟਰ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ ਸਕੂਟਰ ’ਤੇ ਸਵਾਰ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੰਤੋਖ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਸੁਖਦੇਵ ਸਿੰਘ ਪੁੱਤਰ ਕਰਤਾਰ ਸਿੰਘ ਵਾਸੀਆਨ ਪਿੰਡ ਸ਼ਮਸ਼ਾਬਾਦ, ਨੂਰਮਹਿਲ ਵਜੋਂ ਹੋਈ ਹੈ।
ਥਾਣਾ ਸਦਰ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਨਛੱਤਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਸ਼ਮਸ਼ਾਬਾਦ ਨੇ ਦੱਸਿਆ ਕਿ ਸੰਤੋਖ ਸਿੰਘ ਅਤੇ ਸੁਖਦੇਵ ਸਿੰਘ ਆਪਣੇ ਸਕੂਟਰ ’ਤੇ ਦਵਾਈ ਲੈਣ ਲਈ ਜਲੰਧਰ ਜਾ ਰਹੇ ਸਨ। ਜਦੋਂ ਉਹ ਨਕੋਦਰ-ਜਲੰਧਰ ਰੋਡ ’ਤੇ ਪਿੰਡ ਮੁੱਢਾ ਤੋਂ ਥੋੜ੍ਹਾ ਅੱਗੇ ਮੁੱਖ ਮਾਰਗ ’ਤੇ ਕੱਟ ’ਤੇ ਪਹੁੰਚੇ ਤਾਂ ਨਕੋਦਰ ਵੱਲੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦੀ ਲਪੇਟ ’ਚ ਆਉਣ ਨਾਲ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਵਿਖੇ ਤਾਇਨਾਤ ਏ.ਐਸ.ਆਈ. ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ, ਜਿਨ੍ਹਾਂ ਨੇ ਹਾਦਸਾਗ੍ਰਸਤ ਵਾਹਨ ਨੂੰ ਕਬਜ਼ੇ ‘ਚ ਲੈ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ, ਜਿੱਥੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਜਾਂਚ ਅਧਿਕਾਰੀ ਏ.ਐਸ.ਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੱਸ ਚਾਲਕ ਕੁਲਵਿੰਦਰ ਸਿੰਘ ਪੁੱਤਰ ਮੱਲ ਸਿੰਘ ਵਾਸੀ ਪਿੰਡ ਰਾਜੀਆ, ਜ਼ਿਲ੍ਹਾ ਬਰਨਾਲਾ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।