ਭੁਵਨੇਸ਼ਵਰ: ਓਡੀਸ਼ਾ ਦੇ ਸੰਬਲਪੁਰ ਜ਼ਿਲ੍ਹੇ ਵਿੱਚ ਇੱਕ ਪੁਲਿਸ ਸਬ-ਇੰਸਪੈਕਟਰ ਨੇ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਤੋਂ ਬਾਅਦ ਗ੍ਰਿਫ਼ਤਾਰੀ ਤੋਂ ਬਚਣ ਲਈ ਛੱਪੜ ਵਿੱਚ ਛਾਲ ਮਾਰ ਦਿੱਤੀ। ਪਰ ਵਿਜੀਲੈਂਸ ਵਿਭਾਗ ਦੇ ਇੱਕ ਅਧਿਕਾਰੀ ਨੇ ਛੱਪੜ ਵਿੱਚ ਛਾਲ ਮਾਰ ਕੇ ਫਿਲਮੀ ਅੰਦਾਜ਼ ਵਿੱਚ ਉਸ ਦਾ ਪਿੱਛਾ ਕੀਤਾ ਅਤੇ ਆਖ਼ਰਕਾਰ ਉਸ ਨੂੰ ਕਾਬੂ ਕਰ ਹੀ ਲਿਆ। ਮੁਲਜ਼ਮ ਸੁਜੀਤ ਕੁਮਾਰ ਮਹੰਤਾ ਮਹੂਲਪਾਲੀ ਪੁਲਿਸ ਥਾਣੇ ਵਿੱਚ ਤਾਇਨਾਤ ਹੈ ਅਤੇ ਉਹ ਸ਼ਿਕਾਇਤਕਰਤਾ ਖ਼ਿਲਾਫ਼ ਥਾਣੇ ਵਿੱਚ ਦਰਜ ਇੱਕ ਮਾਮਲੇ ਨੂੰ ਨਿਪਟਾਉਣ ਦੇ ਬਦਲੇ ਰਿਸ਼ਵਤ ਲੈ ਰਿਹਾ ਸੀ।
ਮਹੰਤਾ ਨੇ ਬੀਤੇ ਦਿਨ ਸ਼ਿਕਾਇਤਕਰਤਾ ਨੂੰ ਪੈਸੇ ਦੇਣ ਲਈ ਥਾਣੇ ਦੇ ਬਾਹਰ ਇੱਕ ਸੁੰਨਸਾਨ ਜਗ੍ਹਾ ‘ਤੇ ਬੁਲਾਇਆ ਸੀ। ਜਿਵੇਂ ਹੀ ਉਸ ਨੇ ਵਿਜੀਲੈਂਸ ਟੀਮ ਨੂੰ ਨੇੜੇ ਆਉਂਦੇ ਦੇਖਿਆ ਤਾਂ ਉਹ ਉੱਥੋਂ ਭੱਜ ਗਿਆ। ਟੀਮ ਤੋਂ ਬਚਣ ਲਈ ਉਸ ਨੇ ਨੇੜਲੇ ਇੱਕ ਛੱਪੜ ਵਿੱਚ ਛਾਲ ਮਾਰ ਦਿੱਤੀ। ਪਰ ਵਿਜੀਲੈਂਸ ਟੀਮ ਦੇ ਇੱਕ ਮੈਂਬਰ ਨੇ ਵੀ ਛੱਪੜ ਵਿੱਚ ਛਾਲ ਮਾਰ ਕੇ ਉਸ ਨੂੰ ਫੜ ਲਿਆ। ਉਸ ਕੋਲੋਂ ਰਿਸ਼ਵਤ ਦੀ ਪੂਰੀ ਰਕਮ ਬਰਾਮਦ ਕਰ ਲਈ ਗਈ ਅਤੇ ਗਵਾਹਾਂ ਦੀ ਮੌਜੂਦਗੀ ਵਿੱਚ ਇਸ ਨੂੰ ਜ਼ਬਤ ਕਰ ਲਿਆ ਗਿਆ। ਉਸ ਦੇ ਸੱਜੇ ਹੱਥ ‘ਤੇ ਕੀਤੇ ਗਏ ਕੈਮੀਕਲ ਟੈਸਟ ਤੋਂ ਪੁਸ਼ਟੀ ਹੋਈ ਕਿ ਉਸ ਨੇ ਰਿਸ਼ਵਤ ਦੇ ਪੈਸਿਆਂ ਨੂੰ ਛੂਹਿਆ ਸੀ।
ਇਸ ਕਾਰਵਾਈ ਤੋਂ ਬਾਅਦ ਥਾਣੇ ਦੇ ਨੇੜੇ ਸਥਿਤ ਉਸ ਦੇ ਕਮਰੇ, ਉਸ ਦੇ ਦਫ਼ਤਰ ਅਤੇ ਰਾਊਰਕੇਲਾ ਦੇ ਬਾਂਦਾਮੁੰਡਾ ਵਿੱਚ ਉਸ ਦੇ ਪਿਤਾ ਦੇ ਸਰਕਾਰੀ ਕੁਆਰਟਰ ਵਿੱਚ ਇੱਕੋ ਸਮੇਂ ਤਲਾਸ਼ੀ ਲਈ ਗਈ। ਉਸ ਦੇ ਕਮਰੇ ਵਿੱਚੋਂ 1,55,700 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਮਹੰਤਾ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਹ 2021 ਵਿੱਚ ਪੁਲਿਸ ਸੇਵਾ ਵਿੱਚ ਸਬ-ਇੰਸਪੈਕਟਰ ਵਜੋਂ ਭਰਤੀ ਹੋਇਆ ਸੀ।










